ਚੀਨ ਉੱਤੇ ਨਿਰਭਰਤਾ ਘਟਾਉਣ ਤੇ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਲਈ ਨਵੇਂ ਮਾਪਦੰਡ ਲਿਆਉਣ ਦੀ ਲੋੜ : ਓਟੂਲ

ਓਟਵਾ, 30 ਸਤੰਬਰ (ਪੋਸਟ ਬਿਊਰੋ) : ਸਿਹਤਯਾਬ ਹੋ ਕੇ ਹਾਊਸ ਆਫ ਕਾਮਨਜ਼ ਪਰਤੇ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਬੁੱਧਵਾਰ ਨੂੰ ਆਪਣੇ ਪਹਿਲੇ ਭਾਸ਼ਣ ਵਿੱਚ ਆਖਿਆ ਕਿ ਚੀਨ ਉੱਤੇ ਨਿਰਭਰਤਾ ਖਤਮ ਕਰਨ ਲਈ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਵਾਸਤੇ ਨਵੇਂ ਮਾਪਦੰਡ ਲਿਆਂਦੇ ਜਾਣ ਦੀ ਲੋੜ ਹੈ|
ਪਿਛਲੇ ਹਫਤੇ ਰਾਜ ਭਾਸ਼ਣ ਦੇ ਸਬੰਧ ਵਿੱਚ ਜਵਾਬ ਦਿੰਦਿਆਂ ਓਟੂਲ ਨੇ ਇਸ ਸੰਕਟ ਦੀ ਘੜੀ ਵਿੱਚ ਕੈਨੇਡਾ ਨੂੰ ਇੱਕਜੁੱਟ ਕਰਨ ਸਬੰਧੀ ਆਪਣੇ ਨਜ਼ਰੀਏ ਤੋਂ ਵੀ ਜਾਣੂ ਕਰਵਾਇਆ| 23 ਅਗਸਤ ਨੂੰ ਕੰਜ਼ਰਵੇਟਿਵ ਆਗੂ ਚੁਣੇ ਜਾਣ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਓਟੂਲ ਨੂੰ ਸਾਰਿਆਂ ਨੂੰ ਆਪਣੇ ਨਜ਼ਰੀਏ ਤੋਂ ਜਾਣੂ ਕਰਵਾਉਣ ਦਾ ਪਹਿਲੀ ਵਾਰੀ ਮੌਕਾ ਮਿਲਿਆ|
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਸ਼ਣ ਦੇ ਜਵਾਬ ਵਿੱਚ ਓਟੂਲ ਨੇ ਆਖਿਆ ਕਿ ਟਰੂਡੋ ਦੇਸ਼ ਵਿੱਚ ਰੀਜਨਲ ਵੰਡੀਆਂ ਨੂੰ ਸ਼ਹਿ ਦੇ ਰਹੇ ਹਨ ਤੇ ਸਿਰਫ ਲਿਬਰਲਾਂ ਨਾਲ ਸਬੰਧਤ ਇੰਡਸਟਰੀਜ਼ ਦੀ ਹੀ ਮਦਦ ਕੀਤੀ ਜਾ ਰਹੀ ਹੈ| ਪ੍ਰਧਾਨ ਮੰਤਰੀ ਨੂੰ ਉਹ ਚੁਣੌਤੀਆਂ ਸਮਝ ਹੀ ਨਹੀਂ ਆ ਰਹੀਆਂ ਜਿਨ੍ਹਾਂ ਦਾ ਸਾਹਮਣਾ ਅੱਜ ਦੇਸ਼ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਔਸਤ ਕੈਨੇਡੀਅਨ ਪਰਿਵਾਰ ਵਰਗੀਆਂ ਚੁਣੌਤੀਆਂ ਦਾ ਕਦੇ ਸਾਹਮਣਾ ਕਰਨਾ ਹੀ ਨਹੀਂ ਪਿਆ| ਇਸ ਸਰਕਾਰ ਤਹਿਤ ਕੈਨੇਡਾ ਘੱਟ ਇੱਕਜੁੱਟ, ਘੱਟ ਖੁਸ਼ਹਾਲ ਹੋ ਗਿਆ ਹੈ| ਇੱਥੇ ਹੀ ਬੱਸ ਨਹੀਂ ਦੁਨੀਆ ਦੇ ਮੰਚ ਉੱਤੇ ਵੀ ਕੈਨੇਡਾ ਦੀ ਸਾਖ ਘਟੀ ਹੈ|
ਉਨ੍ਹਾਂ ਆਖਿਆ ਕਿ ਟਰੂਡੋ ਸਰਕਾਰ ਕੈਨੇਡਾ ਲਈ ਟੈਸਟਿੰਗ ਦੇ ਬਿਹਤਰ ਬਦਲ ਲਿਆਉਣ ਵਿੱਚ ਅਸਫਲ ਰਹੀ| ਇਸ ਦੌਰਾਨ ਓਟੂਲ ਨੇ ਆਖਿਆ ਕਿ ਸਾਨੂੰ ਚੀਨ ਉੱਤੇ ਨਿਰਭਰਤਾ ਖਤਮ ਕਰਨ ਦੀ ਵੀ ਲੋੜ ਹੈ| ਉਨ੍ਹਾਂ ਆਖਿਆ ਕਿ ਅਸੀਂ ਮੁਕਤ ਵਪਾਰ ਦੇ ਹੱਕ ਵਿੱਚ ਹਾਂ| ਬੀਜਿੰਗ ਤੋਂ ਆਉਣ ਵਾਲਾ ਸਮਾਨ ਕਾæ ਉੱਤੇ ਹੀ ਵਪਾਰਕ ਟੇਕ ਰੱਖੀ ਜਾਵੇ| ਸਾਨੂੰ ਨਵੀਆਂ ਮੰਡੀਆਂ ਦੀ ਤਲਾਸ਼ ਕਰਨੀ ਚਾਹੀਦੀ ਹੈ, ਆਪਣੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਗਲੋਬਲ ਪੱਧਰ ਉੱਤੇ ਵਪਾਰਕ ਤਾਲਮੇਲ ਬਣਾ ਕੇ ਚੀਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਕਦਰਾਂ ਕੀਮਤਾਂ ਨਹੀਂ ਵੇਚਦੇ|
ਅਖੀਰ ਵਿੱਚ ਓਟੂਲ ਨੇ ਆਖਿਆ ਕਿ ਕੈਨੇਡਾ ਨੂੰ ਕਿਸੇ ਹੋਰ ਨਾਅਰੇ ਦੀ ਨਹੀਂ ਸਗੋਂ ਯੋਜਨਾ ਦੀ ਲੋੜ ਹੈ| ਕੈਨੇਡਾ ਨੂੰ ਸਾਰੇ ਕੈਨੇਡੀਅਨਜ਼ ਲਈ ਲੀਡਰ ਦੀ ਲੋੜ ਹੈ ਜਿਸ ਕੋਲ ਕੈਨੇਡਾ ਨੂੰ ਅੱਗੇ ਲਿਜਾਣ ਲਈ ਯੋਜਨਾ ਹੋਵੇ ਨਾ ਸਿਰਫ ਉਨ੍ਹਾਂ ਥਾਂਵਾਂ ਵੱਲ ਹੀ ਧਿਆਨ ਦਿੱਤਾ ਜਾਵੇ ਜਿੱਥੋਂ ਲਿਬਰਲਾਂ ਨੂੰ ਵੋਟਾਂ ਹਾਸਲ ਹੁੰਦੀਆਂ ਹਨ|

Leave a Reply

Your email address will not be published.