ਸਿਆਸੀ ਆਗੂਆਂ ਦੀ ਲੜਾਈ ਨੇ ਕੋਰੋਨਾ ਤੋਂ ਬਚਣ ਵਾਲੀ ਕੋਸ਼ਿਸ਼ ਵੀ ਸਿਰੇ ਨਹੀਂ ਲੱਗਣ ਦੇਣੀ

ਪੰਜਾਬ ਇਸ ਵਕਤ ਕੋਰੋਨਾ ਦੀ ਮਹਾਮਾਰੀ ਦੇ ਵਧਣ ਵਾਲੇ ਕਈ ਰਾਜਾਂ ਵਿੱਚ ਸ਼ਾਮਲ ਹੋ ਚੁੱਕਾ ਹੈ। ਭਾਰਤ ਦੇ ਕੁਝ ਰਾਜ ਪਹਿਲਾਂ ਹੀ ਇਸ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹਨ। ਦੇਸ਼ ਵਿੱਚ ਅਜੇ ਤੱਕ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦਾ ਅੱਧ ਤੋਂ ਵੱਧ ਸਿਰਫ ਦੋ ਰਾਜਾਂ ਮਹਾਰਾਸ਼ਟਰ ਤੇ ਗੁਜਰਾਤ ਦੀ ਝੋਲੀ ਪੈ ਚੁੱਕਾ ਹੈ। ਤੀਸਰਾ ਰਾਜ ਮੱਧ ਪ੍ਰਦੇਸ਼ ਇਨ੍ਹਾਂ ਦੇ ਨਾਲ ਜੋੜ ਲਈਏ ਤਾਂ ਇਹ ਤਿੰਨੇ ਦੋ ਤਿਹਾਈ ਨੂੰ ਜਾ ਪੁੱਜਦੇ ਹਨ। ਪੰਜਾਬ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਸਾਰੇ ਭਾਰਤ ਦੇ ਰਾਜਾਂ ਵਿੱਚ ਹੋਈਆਂ ਮੌਤਾਂ ਦਾ ਅਜੇ ਤੱਕ ਦੋ ਫੀਸਦੀ ਨਹੀਂ ਬਣਦੀ, ਪਰ ਕੇਸ ਜਿਸ ਤਰ੍ਹਾਂ ਲਗਾਤਾਰ ਵਧੀ ਜਾਂਦੇ ਹਨ ਅਤੇ ਸਰਕਾਰ ਅਤੇ ਵਿਰੋਧੀ ਧਿਰ ਦੇ ਲੀਡਰਾਂ ਦੀ ਖਹਿਬਾਜ਼ੀ ਜਿਵੇਂ ਦਿਨੋਂ-ਦਿਨ ਉੱਚੀ ਸੁਰ ਫੜੀ ਜਾਂਦੀ ਹੈ, ਉਹ ਪੰਜਾਬ ਦੇ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਵਾਲੀ ਨਹੀਂ। ਹਰ ਕੋਈ ਲੀਡਰ ਆਪਣੇ ਆਪ ਨੂੰ ਅਤੇ ਆਪਣੀ ਪਾਰਟੀ ਨੂੰ ਨੇਕ ਦੱਸਣ ਦੇ ਨਾਲ ਦੂਸਰੀ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਅਸਲੋਂ ਗਰਕੇ ਹੋਏ ਦੱਸਦਾ ਹੈ ਅਤੇ ਆਮ ਲੋਕ ਇਸ ਬਾਰੇ ਕਿਸੇ ਦੀ ਨਿੰਦਾ ਜਾਂ ਸ਼ਲਾਘਾ ਕਰਨ ਦੀ ਥਾਂ ਆਪਣੇ ਭਵਿੱਖ ਬਾਰੇ ਸੋਚ ਕੇ ਚਿੰਤਤ ਹੋਈ ਜਾ ਰਹੇ ਹਨ।
ਮਹਾਰਾਸ਼ਟਰ ਦਾ ਮੁੰਬਈ ਸ਼ਹਿਰ ਇਸ ਵਕਤ ਕੋਰੋਨਾ ਵਾਇਰਸ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੈ ਤੇ ਜਿੰਨੀਆਂ ਮੌਤਾਂ ਸਾਰੇ ਰਾਜ ਵਿੱਚ ਕੁੱਲ ਹੋਈਆਂ ਹਨ, ਉਨ੍ਹਾਂ ਦਾ ਸੱਠ ਫੀਸਦੀ ਦੇ ਕਰੀਬ ਇਸ ਪ੍ਰਮੁੱਖ ਸ਼ਹਿਰ ਨੂੰ ਭੁਗਤਣਾ ਪਿਆ ਹੈ ਤੇ ਦੂਸਰਾ ਸਭ ਤੋਂ ਵੱਧ ਜਾਨੀ ਨੁਕਸਾਨ ਵਾਲਾ ਗੜ੍ਹ ਇਸ ਵੇਲੇ ਪੁਣੇ ਸ਼ਹਿਰ ਨੂੰ ਮੰਨਿਆ ਜਾਂਦਾ ਹੈ। ਗੁਜਰਾਤ ਵਿੱਚ ਜਿਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਧੀ ਜਾਂਦੀ ਹੈ, ਉਹ ਹੈਰਾਨੀ ਅਤੇ ਚਿੰਤਾ ਵਾਲੀ ਹੋਣ ਦੇ ਨਾਲ ਇਹ ਵੀ ਸੋਚਣ ਦੀ ਲੋੜ ਹੈ ਕਿ ਓਥੋਂ ਦੀ ਰਾਜਧਾਨੀ ਗਾਂਧੀਨਗਰ ਦੇ ਨਾਲ ਲੱਗਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਇਸ ਵਾਇਰਸ ਦੀ ਮਾਰ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਅੱਜ ਤੱਕ ਭਾਰਤ ਵਿੱਚ ਸਭ ਤੋਂ ਸਫਾਈ ਦੇ ਪੱਖੋਂ ਪਹਿਲੇ ਨੰਬਰ ਉੱਤੇ ਹੁੰਦਾ ਸੀ, ਇਸ ਵੇਲੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮੌਤਾਂ ਪੱਖੋਂ ਦੇਸ਼ ਵਿੱਚ ਤੀਸਰੇ ਨੰਬਰ ਉੱਤੇ ਚੱਲਦੇ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਮੌਤਾਂ ਵੀ ਏਸੇ ਸਭ ਤੋਂ ਸਾਫ ਸੁਥਰੇ ਸ਼ਹਿਰ ਵਿੱਚ ਹੋਈਆਂ ਹਨ। ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਪਹਿਲਾਂ ਮਹਾਰਾਸ਼ਟਰ ਦੇ ਨਾਲ ਬਰਾਬਰ ਮੌਤਾਂ ਦਾ ਦ੍ਰਿਸ਼ ਪੇਸ਼ ਕਰਦੀ ਸੀ, ਫਿਰ ਮੱਧ ਪ੍ਰਦੇਸ਼ ਅੱਗੇ ਲੰਘ ਗਿਆ ਤੇ ਉਸ ਤੋਂ ਬਾਅਦ ਗੁਜਰਾਤ ਉਹਦੇ ਤੋਂ ਵੀ ਅੱਗੇ ਨਿਕਲ ਗਿਆ ਸੀ। ਇਸ ਵਕਤ ਰਾਜਸਥਾਨ ਵੀ ਦਿੱਲੀ ਤੋਂ ਵੱਧ ਮੌਤਾਂ ਵਾਲਾ ਰਾਜ ਬਣਿਆ ਪਿਆ ਹੈ। ਅਗਲੇ ਦਿਨਾਂ ਵਿੱਚ ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਬਿਮਾਰੀ ਦਾ ਕਹਿਰ ਹੋਰ ਵਧਣ ਦੇ ਸੰਕੇਤ ਮਿਲਦੇ ਪਏ ਹਨ ਅਤੇ ਕੁਝ ਹੋਰ ਰਾਜਾਂ ਦੀ ਸਥਿਤੀ ਵੀ ਚਿੰਤਾ ਵਾਲੀ ਹੈ।
ਸਾਡੇ ਪੰਜਾਬ ਵਿੱਚ ਕਾਫੀ ਹੱਦ ਤੱਕ ਸਥਿਤੀ ਕਾਬੂ ਹੇਠ ਜਾਪਦੀ ਸੀ, ਪਰ ਜਦੋਂ ਹਜ਼ੂਰ ਸਾਹਿਬ ਵਿੱਚ ਫਸੀ ਸੰਗਤ ਨੂੰ ਏਥੇ ਲਿਆਂਦਾ ਗਿਆ ਤਾਂ ਕੇਸਾਂ ਵਿੱਚ ਇੱਕ ਦਮ ਵਾਧਾ ਹੋਣ ਲੱਗ ਪਿਆ। ਇਨ੍ਹਾਂ ਵਿੱਚੋਂ ਕਈ ਲੋਕ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਨਿਕਲੇ ਹਨ ਅਤੇ ਇਸ ਨਾਲ ਇੱਕ ਸਿਆਸੀ ਜੰਗ ਜਿਹੀ ਛਿੜ ਗਈ ਹੈ। ਕੁਝ ਲੋਕਾਂ ਨੇ ਇਸ ਮੁੱਦੇ ਨਾਲ ਸਿੱਖ ਧਰਮ ਨੂੰ ਜੋੜ ਕੇ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਇਸ ਬਹਾਨੇ ਸਿੱਖਾਂ ਦੀ ਬਦਨਾਮੀ ਕੀਤੀ ਜਾ ਰਹੀ ਹੈ, ਪਰ ਉਹ ਇਹ ਗੱਲ ਰੱਦ ਨਹੀਂ ਕਰ ਸਕਦੇ ਕਿ ਸੰਗਤ ਦੇ ਆਉਣ ਨਾਲ ਕੇਸ ਵਧੇ ਹਨ। ਜਿਹੜੀ ਗੱਲ ਉਹ ਲੋਕ ਨਹੀਂ ਸੋਚਦੇ, ਉਹ ਇਹ ਹੈ ਕਿ ਜਦੋਂ ਸਮੱਸਿਆ ਹਾਲੇ ਸ਼ੁਰੂ ਹੀ ਹੋਈ ਸੀ, ਓਦੋਂ ਇਹ ਦੱਸਿਆ ਗਿਆ ਸੀ ਕਿ ਹਜ਼ੂਰ ਸਾਹਿਬ ਵਿੱਚ ਕਰੀਬ ਦੋ ਹਜ਼ਾਰ ਪੰਜਾਬੀ ਸ਼ਰਧਾਲੂ ਅਟਕੇ ਹੋਣਗੇ। ਫਿਰ ਇਹ ਗਿਣਤੀ ਢਾਈ ਹਜ਼ਾਰ ਅਤੇ ਤਿੰਨ ਹਜ਼ਾਰ ਹੁੰਦੀ ਹੋਈ ਵਾਪਸੀ ਦੇ ਦਿਨ ਤੱਕ ਚਾਰ ਹਜ਼ਾਰ ਸ਼ਰਧਾਲੂਆਂ ਨੂੰ ਟੱਪ ਗਈ। ਇਹ ਸਾਰੀ ਸਮੱਸਿਆ ਇਸ ਗਿਣਤੀ ਵਿੱਚ ਹੈ। ਜਦੋਂ ਇਹ ਗੱਲ ਚੱਲ ਪਈ ਕਿ ਪੰਜਾਬ ਸਰਕਾਰ ਓਥੇ ਟਿਕੇ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਲਈ ਪ੍ਰਬੰਧ ਕਰਨ ਲੱਗੀ ਹੈ, ਉਸ ਰਾਜ ਵਿਚਲੇ ਹੋਰ ਸ਼ਹਿਰਾਂ ਵਿੱਚੋਂ ਬਹੁਤ ਸਾਰੇ ਪੰਜਾਬੀ ਲੋਕ ਹਜ਼ੂਰ ਸਾਹਿਬ ਆ ਕੇ ਸੰਗਤ ਵਿੱਚ ਸ਼ਾਮਲ ਹੁੰਦੇ ਗਏ ਤੇ ਪੰਜਾਬ ਨੂੰ ਚੱਲਣ ਵੇਲੇ ਤੱਕ ਸ਼ਰਧਾਲੂਆਂ ਜਿੰਨੇ ਹੀ ਦੂਸਰੇ ਲੋਕ ਇਨ੍ਹਾਂ ਵਿੱਚ ਹੋਰ ਰਲ ਚੁੱਕੇ ਸਨ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਰੇਲਵੇ ਨੇ ਅਜੇ ਕੁਝ ਚਿਰ ਹੋਰ ਗੱਡੀਆਂ ਨਹੀਂ ਚਲਾਉਣੀਆਂ ਤੇ ਪੰਜਾਬ ਜਾਣ ਦਾ ਕੋਈ ਪ੍ਰਬੰਧ ਨਹੀਂ ਹੋਣਾ ਤੇ ਦੂਸਰਾ ਇਹ ਲਾਭ ਵੀ ਦਿੱਸਦਾ ਸੀ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਉੱਤੇ ਕੋਈ ਪੈਸਾ ਦਿੱਤੇ ਬਿਨਾਂ ਮੁਫਤ ਚਲੇ ਜਾਣਾ ਹੈ। ਬਾਹਰੋਂ ਆਉਣ ਵਾਲੇ ਇਹ ਸੰਗਤ ਵਿੱਚ ਸ਼ਾਮਲ ਹੋਏ ਲੋਕ ਮਹਾਰਾਸ਼ਟਰ ਦੇ ਕਿਸੇ ਸ਼ਹਿਰ ਤੋਂ ਆਏ ਸਨ ਤੇ ਉਨ੍ਹਾਂ ਵਿੱਚੋਂ ਕੋਈ ਬਿਮਾਰ ਸੀ ਕਿ ਨਹੀਂ, ਇਹ ਸੋਚਣ ਵਾਲਾ ਓਥੇ ਸਿਆਣਾ ਨਹੀਂ ਸੀ। ਫਿਰ ਜਦੋਂ ਪੰਜਾਬ ਵੱਲ ਤੁਰੇ ਤਾਂ ਰਾਹ ਵਿੱਚ ਇਹ ਮੱਧ ਪ੍ਰਦੇਸ਼ ਵਿੱਚ ਇੰਦੌਰ ਸ਼ਹਿਰ ਵਿੱਚ ਖਾਣਾ ਖਾਣ ਲਈ ਬੱਦਾਂ ਰੋਕਦੇ ਰਹੇ, ਕਿਉਂਕਿ ਉਹ ਵੱਡਾ ਸ਼ਹਿਰ ਸੀ, ਪਰ ਸਿਰਫ ਵੱਡਾ ਹੀ ਨਹੀਂ, ਇਸ ਵਕਤ ਕੋਰੋਨਾ ਦੀ ਮਾਰ ਪੱਖੋਂ ਵੀ ਦੇਸ਼ ਵਿੱਚ ਮੁੰਬਈ ਅਤੇ ਅਹਿਮਦਾਬਾਦ ਤੋਂ ਬਾਅਦ ਤੀਸਰਾ ਵੱਡਾ ਸ਼ਹਿਰ ਬਣ ਚੁੱਕਾ ਸੀ। ਬਿਮਾਰੀ ਓਥੋਂ ਵੀ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਲੱਗੀ ਹੋ ਸਕਦੀ ਹੈ ਤੇ ਕਿਸੇ ਹੋਰ ਥਾਂ ਤੋਂ ਵੀ। ਇਸ ਲਈ ਅੱਜ ਇਸ ਦੀ ਪੜਤਾਲ ਕਰਨ ਦਾ ਕੋਈ ਫਾਇਦਾ ਨਹੀਂ ਕਿ ਬਿਮਾਰੀ ਦੀ ਲਾਗ ਫਲਾਣੇ ਥਾਂ ਤੋਂ ਲੱਗੀ ਹੋ ਸਕਦੀ ਹੈ।
ਜਿਹੜੀ ਗੱਲ ਦੁਖਦਾਈ ਹੈ ਤੇ ਜਿਸ ਨਾਲ ਸਿਆਸੀ ਘਮਸਾਨ ਦਾ ਨਵਾਂ ਮੋਰਚਾ ਖੁੱਲ੍ਹ ਰਿਹਾ ਹੈ, ਉਸ ਨੂੰ ਘੋਖਣ ਤੋਂ ਪਤਾ ਲੱਗ ਸਕਦਾ ਹੈ ਕਿ ਇਸ ਮਾਮਲੇ ਵਿੱਚ ਕਾਂਗਰਸੀ ਵੀ ਅਤੇ ਅਕਾਲੀ ਵੀ ਦੋਸ਼ੀ ਹੋ ਸਕਦੇ ਹਨ। ਅਕਾਲੀਆਂ ਦੇ ਇੱਕ ਵੱਡੇ ਲੀਡਰ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਇੱਕ ਕਾਂਗਰਸੀ ਮੰਤਰੀ ਨੇ ਮਹਾਰਾਸ਼ਟਰ ਵਿਚਲੇ ਆਪਣੇ ਕੁਝ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਆਉਣਾ ਹੈ ਤਾਂ ਹਜ਼ੂਰ ਸਾਹਿਬ ਚਲੇ ਜਾਓ ਅਤੇ ਜਦੋਂ ਸੰਗਤ ਆਵੇਗੀ, ਉਸ ਦੇ ਨਾਲ ਬੱਸਾਂ ਵਿੱਚ ਬੈਠ ਕੇ ਆ ਜਾਇਓ। ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ-ਵਿਰੋਧੀ ਧੜੇ ਦੇ ਇੱਕ ਮੈਂਬਰ ਦਾ ਬਿਆਨ ਆ ਗਿਆ ਕਿ ਉਸ ਦੇ ਹਲਕੇ ਵਿੱਚੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਮਹਾਰਾਸ਼ਟਰ ਤੋਂ ਪੰਜਾਬ ਆਉਣ ਦੇ ਤਰਲੇ ਪਾਉਂਦੇ ਆਪਣੇ ਬੰਦਿਆਂ ਨੂੰ ਮੈਸੇਜ ਭੇਜਿਆ ਸੀ ਕਿ ਸੰਗਤ ਨਾਲ ਮਿਲ ਕੇ ਆਉਣ ਲਈ ਤੁਸੀਂ ਹਜ਼ੂਰ ਸਾਹਿਬ ਛੇਤੀ ਪਹੁੰਚ ਜਾਓ। ਜਦੋਂ ਉਹ ਲੋਕ ਏਥੇ ਪਹੁੰਚ ਗਏ ਤਾਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਅਕਾਲੀ ਆਗੂ ਦੇ ਇਸ ਮੈਸੇਜ ਅਤੇ ਪੰਜਾਬ ਆਉਣ ਵਿੱਚ ਕੀਤੀ ਮਦਦ ਦੇ ਧੰਨਵਾਦ ਲਈ ਸੋਸ਼ਲ ਮੀਡੀਆ ਉੱਤੇ ਵੀ ਚਾਰ ਅੱਖਰ ਪਾ ਦਿੱਤੇ। ਜਿਹੜੇ ਅਕਾਲੀ ਆਗੂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਾ ਮੈਸੇਜ ਭੇਜਿਆ ਸੀ, ਉਹ ਵੀ ਚੁੱਪ ਹੈ ਤੇ ਉਸ ਪਾਰਟੀ ਦੇ ਵੱਡੇ ਲੀਡਰ ਵੀ ਇਸ ਬਾਰੇ ਕੁਝ ਨਹੀਂ ਬੋਲਦੇ ਅਤੇ ਕਾਂਗਰਸੀ ਆਪਣੇ ਮੰਤਰੀ ਬਾਰੇ ਜਵਾਬ ਨਹੀਂ ਦੇਂਦੇ। ਸੰਗਤ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਸੰਗਤ ਵਿੱਚ ਮਿਲ ਕੇ ਆਏ ਲੋਕਾਂ ਅਤੇ ਉਨ੍ਹਾਂ ਨਾਲ ਆਈ ਸੰਗਤ ਵਿੱਚੋਂ ਜਿਹੜੇ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਤਾ ਲੱਗ ਰਹੇ ਹਨ, ਉਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਮੰਤਰੀ ਤੇ ਵਿਧਾਇਕ ਨੇ ਕੋਰੋਨਾ ਪੀੜਤ ਹੋਣ ਦੀ ਗੱਲ ਨਹੀਂ ਸੀ ਕੀਤੀ, ਇਹ ਨਤੀਜੇ ਟੈੱਸਟਾਂ ਦੇ ਬਾਅਦ ਡਾਕਟਰਾਂ ਨੇ ਐਲਾਨ ਕੀਤੇ ਹਨ। ਇਹੋ ਜਿਹੇ ਮੌਕੇ ਜਦੋਂ ਮੌਤ ਹਰ ਥਾਂ ਨੱਚਦੀ ਫਿਰਦੀ ਹੈ, ਓਦੋਂ ਵੀ ਖਤਰਾ ਮੁੱਲ ਲੈ ਕੇ ਮਿਹਨਤ ਨਾਲ ਕੰਮ ਕਰਦੇ ਪਏ ਡਾਕਟਰਾਂ ਨੂੰ ਸਿੱਖੀ ਦੇ ਵਿਰੋਧੀ ਨਹੀਂ ਕਿਹਾ ਜਾ ਸਕਦਾ। ਸਿੱਖੀ ਦਾ ਤਾਂ ਇਸ ਵਿੱਚ ਕੋਈ ਮੁੱਦਾ ਹੀ ਨਹੀਂ ਹੋਣਾ ਚਾਹੀਦਾ, ਹਾਲਾਤ ਤੇ ਹਕੀਕਤਾਂ ਨੂੰ ਸਮਝਣਾ ਚਾਹੀਦਾ ਹੈ।
ਦੁੱਖ ਦੀ ਗੱਲ ਹੈ ਕਿ ਜਦੋਂ ਇਸ ਵਕਤ ਹਰ ਵਿਅਕਤੀ ਦਾ ਸਾਰਾ ਧਿਆਨ ਬਿਮਾਰੀ ਨਾਲ ਲੜਨ ਵੱਲ ਸੇਧਤ ਹੋਣਾ ਚਾਹੀਦਾ ਹੈ, ਓਦੋਂ ਵੀ ਪੰਜਾਬ ਵਿੱਚ ਸਿਆਸਤ ਦਾ ਕੋਝਾਪਣ ਰੰਗ ਦਿਖਾਈ ਜਾਂਦਾ ਹੈ।

ਜਤਿੰਦਰ ਪਨੂੰ