ਭਾਰਤੀ ਮੈਡੀਕਲ ਖੋਜ ਕੌਂਸਲ ਨੇ ਬਣਾਇਆ ਕੋਰੋਨਾ ਦੇ ਇਲਾਜ ‘ਚ ਕਾਰਗਰ ‘ਐਂਟੀਸੇਰਾ’

ਨਵੀਂ ਦਿੱਲੀ (ਏਐੱਨਆਈ) : ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਕੋਰੋਨਾ ਦੇ ਇਲਾਜ ‘ਚ ਕਾਰਗਰ ਉੱਚ ਗੁਣਵੱਤਾ ਦਾ ਐਂਟੀਸੇਰਾ ਤਿਆਰ ਕੀਤਾ ਹੈ। ਕੋਰੋਨਾ ਦੇ ਇਲਾਜ ‘ਚ ਪਲਾਜ਼ਮਾ ਥੈਰੇਪੀ ਦੀ ਜਗ੍ਹਾ ਹੁਣ ਐਂਟੀਸੇਰਾ ਨੂੰ ਬਦਲ ਦੇ ਰੂਪ ‘ਚ ਵਰਤਿਆ ਜਾ ਸਕਦਾ ਹੈ। ਆਈਸੀਐੱਮਆਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਦੇ ਇਲਾਜ ਲਈ ਜਾਨਵਰਾਂ ਦੇ ਖ਼ੂਨ ਸੀਰਮ ਦੀ ਵਰਤੋਂ ਕਰਦੇ ਹੋਏ ਹਾਇਲੀ ਪਿਓਰੀਫਾਈਡਡ ਐਂਟੀਸੇਰਾ ਵਿਕਸਿਤ ਕੀਤਾ ਹੈ। ਇਹ ਕੋਰੋਨਾ ਦੇ ਅਸਰ ਨੂੰ ਘੱਟ ਕਰਨ ‘ਚ ਕਾਫੀ ਕਾਰਗਰ ਹੈ।

ਆਈਸੀਐੱਮਆਰ ਨੇ ਹੈਦਰਾਬਾਦ ਦੀ ਫਾਰਮਾਸਿਊਟੀਕਲ ਕੰਪਨੀ ਬਾਇਓਲਾਜੀਕਲ ਈ. ਲਿਮਟਡ ਨਾਲ ਮਿਲ ਕੇ ਐਂਟੀਸੇਰਾ ਤਿਆਰ ਕੀਤਾ ਹੈ। ਆਈਸੀਐੱਮਆਰ ਨੇ ਕਿਹਾ ਕਿ ਸਾਰੇ ਲੋਕਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਸੰਭਵ ਨਹੀਂ ਹੈ, ਅਜਿਹੇ ‘ਚ ਐਂਟੀਸੇਰਾ ਇਕ ਬਿਹਤਰ ਬਦਲ ਹੋ ਸਕਦਾ ਹੈ।

ਆਈਸੀਐੱਮਆਰ ਦੇ ਵਿਗਿਆਨੀ ਡਾ. ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਐਂਟੀਸੇਰਾ ਜਾਨਵਾਰਾਂ ਤੋਂ ਮਿਲਿਆ ਬਲੱਡ ਸੀਰਮ ਹੈ, ਜਿਸ ‘ਚ ਖ਼ਾਸ ਐਂਟੀਜਨ ਖ਼ਿਲਾਫ਼ ਐਂਟੀਬਾਡੀਜ਼ ਹੁੰਦੀ ਹੈ। ਖ਼ਾਸ ਬਿਮਾਰੀਆਂ ਦੇ ਇਲਾਜ ‘ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ‘ਚ ਪਲਾਜ਼ਮਾ ਥੈਰੇਪੀ ਤੋਂ ਬਾਅਦ ਕੋਰੋਨਾ ਦੇ ਇਲਾਜ ਲਈ ਸਾਹਮਣੇ ਆਈ ਇਹ ਸਭ ਤੋਂ ਆਧੁਨਿਕ ਥੈਰੇਪੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਾ ਸਿਰਫ ਕੋਰੋਨਾ ਦੇ ਮਰੀਜ਼ਾਂ ‘ਚ ਬਿਮਾਰੀ ਦੇ ਅਸਰ ਦੀ ਰੋਕਥਾਮ ‘ਚ ਕਾਰਗਰ ਹੈ ਬਲਕਿ ਉਸ ਦੇ ਇਲਾਜ ‘ਚ ਵੀ ਸਮਰੱਥ ਹੈ। ਸਵਦੇਸ਼ੀ ਪੱਧਰ ‘ਤੇ ਵਿਕਸਿਤ ਇਹ ਸਸਤਾ ਤੇ ਸੁਰੱਖਿਅਤ ਬਦਲ ਹੈ।

ਆਈਸੀਐੱਮਆਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਾਅ ਦਾ ਇਸਤੇਮਾਲ ਇਸ ਤੋਂ ਪਹਿਲਾਂ ਵੀ ਕਈ ਵਾਇਰਲ, ਬੈਕਟੀਰੀਅਲ ਇਨਫੈਕਸ਼ਨਾਂ ਨੂੰ ਕੰਟੋਰਲ ਕਰਨ ‘ਚ ਕੀਤਾ ਜਾ ਚੁੱਕਾ ਹੈ। ਇਸ ‘ਚ ਰੈਬੀਜ਼, ਹੈਪੇਟਾਈਟਿਸ ਬੀ, ਟੈਟਨੈੱਸ ਤੇ ਡਿਪਥੀਰੀਆ ਸ਼ਾਮਲ ਹੈ।

Leave a Reply

Your email address will not be published. Required fields are marked *