ਸਿੱਖ ਆਫੀਸਰਜ਼ ਨੂੰ ਆਪਰੇਸ਼ਨਲ ਡਿਊਟੀਜ਼ ਦੇਣ ਦੇ ਆਰ ਸੀ ਐਮ ਪੀ ਦੇ ਫੈਸਲੇ ਦਾ ਡਬਲਿਊ ਐਸ ਓ ਵੱਲੋਂ ਸਵਾਗਤ

ਓਟਵਾ, 1 ਅਕਤੂਬਰ (ਪੋਸਟ ਬਿਊਰੋ) : ਦਾੜ੍ਹੀ ਵਾਲੇ ਸਿੱਖ ਆਫੀਸਰਜ਼ ਨੂੰ ਆਪਰੇਸ਼ਨਲ ਡਿਊਟੀਜ਼ ਦੇਣ ਦੇ ਆਰਸੀਐਮਪੀ ਦੇ ਫੈਸਲੇ ਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਿਊ ਐਸ ਓ) ਵੱਲੋਂ ਸਵਾਗਤ ਕੀਤਾ ਗਿਆ ਹੈ|
ਇੱਕ ਬਿਆਨ ਜਾਰੀ ਕਰਕੇ ਆਰ ਸੀ ਐਮ ਪੀ ਨੇ ਐਲਾਨ ਕੀਤਾ ਕਿ ਕੈਨੇਡਾ ਭਰ ਵਿੱਚ ਦਾੜ੍ਹੀ ਵਾਲੇ ਫੋਰਸ ਦੇ ਜਿੰਨੇ ਵੀ ਮੈਂਬਰ ਪ੍ਰਭਾਵਿਤ ਹੋਏ ਹਨ ਉਹ ਢੁਕਵੀਆਂ ਪੀ ਪੀ ਈ ਧਾਰਨ ਕਰਕੇ ਆਪਣੀਆਂ ਆਪਰੇਸ਼ਨਲ ਡਿਊਟੀਜ਼ ਉੱਤੇ ਪਰਤ ਸਕਦੇ ਹਨ| ਇਹ ਪੀ ਪੀ ਈ ਕਿੱਟਜ਼ ਸਬੰਧਤ ਪ੍ਰੋਵਿੰਸਾਂ ਦੇ ਕਮਾਂਡਿੰਗ ਅਧਿਕਾਰੀਆਂ ਵੱਲੋਂ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨਿਰਧਾਰਤ ਕੀਤੀਆਂ ਜਾਣਗੀਆਂ|
ਫਿਰ ਵੀ ਇਨ੍ਹਾਂ ਦਾੜ੍ਹੀ ਵਾਲੇ ਮੈਂਬਰਜ਼ ਨੂੰ ਉਸ ਸਮੇਂ ਹੀ ਆਪਰੇਸ਼ਨਲ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਦੋਂ ਐਕਸਪੋਜ਼ਰ (exposure ) ਦਾ ਖਤਰਾ ਘੱਟ ਹੋਵੇਗਾ ਜਾਂ ਫਿਰ ਬਹੁਗਿਣਤੀ ਵਿੱਚ ਰਿਸਪਾਂਡਿੰਗ (responding) ਅਧਿਕਾਰੀ ਮੌਕੇ ਉੱਤੇ ਮੌਜੂਦ ਹੋਣਗੇ| ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਅਸੀਂ ਕਿਸੇ ਵੀ ਹਾਲ ਆਪਣੇ ਅਧਿਕਾਰੀਆਂ ਜਾਂ ਜਨਤਾ ਨੂੰ ਖਾਹ-ਮ-ਖਾਹ ਦੇ ਖਤਰੇ ਵਿੱਚ ਨਹੀਂ ਪਾ ਸਕਦੇ|
ਜ਼ਿਕਰਯੋਗ ਹੈ ਕਿ ਡਬਲਿਊ ਐਸ ਓ ਪ੍ਰਭਾਵਿਤ ਆਰ ਸੀ ਐਮ ਪੀ ਅਧਿਕਾਰੀਆਂ ਦੇ ਪੱਖ ਉੱਤੇ ਅਪਰੈਲ 2020 ਤੋਂ ਹੀ ਆਵਾਜ਼ ਉਠਾ ਰਹੀ ਹੈ| ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਾੜ੍ਹੀ ਵਾਲੇ ਸਿੱਖ ਆਰ ਸੀ ਐਮ ਪੀ ਅਧਿਕਾਰੀਆਂ ਨੂੰ ਮਾਰਚ 2020 ਵਿੱਚ ਫਰੰਟਲਾਈਨ ਪੁਲਿਸ ਡਿਊਟੀਜ਼ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਆਰ ਸੀ ਐਮ ਪੀ ਚਾਹੁੰਦੀ ਸੀ ਕਿ ਉਸ ਦੇ ਸਾਰੇ ਅਧਿਕਾਰੀ ਐਨ95 ਮਾਸਕਸ ਪਾਉਣ| ਪਰ ਆਰ ਸੀ ਐਮ ਪੀ ਮੁਤਾਬਕ ਮੂੰਹ ਉੱਤੇ ਦਾੜ੍ਹੀ ਹੋਣ ਕਾਰਨ ਇਹ ਮਾਸਕ ਚੰਗੀ ਤਰ੍ਹਾਂ ਫਿੱਟ ਨਹੀਂ ਹੁੰਦੇ|
ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਐਰੋਸੋਲ ਜੈਨਰੇਟਿੰਗ ਮੈਡੀਕਲ ਪ੍ਰੋਸੀਜ਼ਰ (ਏ ਜੀ ਐਮ ਪੀ) ਚੱਲ ਰਿਹਾ ਹੋਵੇ ਉੱਥੇ ਹੀ ਐਨ95 ਮਾਸਕਸ ਦੀ ਲੋੜ ਹੁੰਦੀ ਹੈ ਤੇ ਬਾਕੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿੱਚ ਰੈਗੂਲਰ ਮੈਡੀਕਲ ਮਾਸਕਸ ਹੀ ਕਾਫੀ ਹੁੰਦੇ ਹਨ| ਇਸ ਦੌਰਾਨ ਡਬਲਿਊ ਐਸ ਓ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਰ ਸੀ ਐਮ ਪੀ ਵਿੱਚ ਦਾੜ੍ਹੀ ਵਾਲੇ ਸਿੱਖ ਅਧਿਕਾਰੀ ਹੁਣ ਆਪਣੀਆਂ ਡਿਊਟੀਜ਼ ਆਮ ਢੰਗ ਨਾਲ ਨਿਭਾਅ ਸਕਣਗੇ| ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਆਰ ਸੀ ਐਮ ਪੀ ਨੇ ਵਿਸ਼ੇਸ਼ ਰੂਚੀ ਵਿਖਾਈ|

Leave a Reply

Your email address will not be published. Required fields are marked *