ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ: ਸਾਂਝ ਕੇਂਦਰਾਂ ‘ਚ ਮਿਲਣ ਵਾਲੀਆਂ 14 ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਵੀ ਹੋਣਗੀਆਂ ਮੁਹੱਈਆ

ਜਲੰਧਰ : ਪੰਜਾਬ ਸਰਕਾਰ ਵੱਲੋਂ ਗ੍ਰਹਿ ਵਿਭਾਗ ਨਾਲ ਸਬੰਧਤ ਸਾਂਝ ਕੇਂਦਰਾਂ ਤੋਂ ਦਿੱਤੀਆਂ ਜਾਂਦੀਆਂ 14 ਸੇਵਾਵਾਂ ਹੁਣ ਸੇਵਾ ਕੇਂਦਰਾਂ ਵੱਲੋਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਿੰਦਿਆਂ ਕਿਹਾ ਕਿ ਇਹ ਸੇਵਾਵਾਂ ਸੇਵਾ ਕੇਂਦਰਾਂ ’ਚ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ ਖੋਲ੍ਹੇ ਗਏ ਹਨ ਅਤੇ ਇਕ ਛੱਤ ਹੇਠਾਂ ਲੋਕਾਂ ਨੂੰ 200 ਤੋਂ ਜ਼ਿਆਦਾ ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਗ੍ਰਹਿ ਵਿਭਾਗ ਨਾਲ ਸਬੰਧਤ ਸਾਂਝ ਕੇਂਦਰਾਂ ਤੋਂ ਮਿਲਣ ਵਾਲੀਆਂ 14 ਸੇਵਾਵਾਂ ਸੇਵਾ ਕੇਂਦਰਾਂ ਨਾਲ ਵੀ ਜੋੜ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚ ਸ਼ਿਕਾਇਤ ਦੀ ਪ੍ਰਾਪਤੀ, ਸ਼ਿਕਾਇਤ ‘ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ, ਐਫ.ਆਈ.ਆਰ. ਜਾਂ ਡੀ.ਡੀ.ਆਰ. ਦੀ ਕਾਪੀ, ਸੜਕ ਹਾਦਸੇ ਦੇ ਕੇਸ ਵਿੱਚ ਅਨਟਰੇਸਡ ਰਿਪੋਰਟ ਦੀ ਕਾਪੀ, ਵਾਹਨ ਚੋਰੀ ਦੇ ਕੇਸ ਵਿੱਚ ਅਨਟਰੇਸਡ ਰਿਪੋਰਟ ਦੀ ਕਾਪੀ, ਚੋਰੀ ਦੇ ਕੇਸ ਵਿੱਚ ਅਨਟਰੇਸਡ ਰਿਪੋਰਟ ਦੀ ਕਾਪੀ, ਲਾਊਡ ਸਪੀਕਰ ਦੀ ਵਰਤੋਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ, ਮੇਲੇ, ਪ੍ਰਦਰਸ਼ਨੀ, ਖੇਡ ਸਮਾਰੋਹ ਲਈ ਇਤਰਾਜ਼ਹੀਣਤਾ ਸਰਟੀਫਿਕੇਟ, ਪ੍ਰੀ ਓਨਡ (ਪੁਰਾਣੀ ਮਲਕੀਅਤ) ਵਾਹਨ ਲਈ ਇਤਰਾਜ਼ਹੀਣਤਾ ਸਰਟੀਫਿਕੇਟ, ਵੀਜ਼ੇ ਲਈ ਪੁਲਿਸ ਕਲੀਅਰਰੈਂਸ, ਕਰੈਕਟਰ ਵੈਰੀਫਿਕੇਸ਼ਨ, ਟੇਨੈਂਟ (ਕਿਰਾਏਦਾਰ) ਵੈਰੀਫਿਕੇਸ਼ਨ, ਇੰਪਲਾਈ ਵੈਰੀਫਿਕੇਸ਼ਨ, ਡੋਮੈਸਟਿਕ ਹੈਲਪ ਜਾਂ ਸਰਵੈਂਟ ਵੈਰੀਫਿਕੇਸ਼ਨ ਦੀਆਂ ਸੇਵਾਵਾਂ ਸ਼ਾਮਲ ਹਨ।

ਇਹ ਸੇਵਾ ਕੇਂਦਰਾਂ ਨਾਲ ਜੋੜੀਆਂ ਗਈਆਂ ਨਵੀਂਆਂ ਸੇਵਾਵਾਂ ਈ-ਸੇਵਾ ਪੋਰਟਲ ਪੰਜਾਬ ‘ਚ ਏਕੀਕਿ੍ਰਤ ਕਰ ਦਿੱਤੀਆਂ ਗਈਆਂ ਹਨ। ਸਾਂਝ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਸੇਵਾ ਕੇਂਦਰਾਂ ਤੋਂ ਮਿਲਣ ਨਾਲ ਜਿਥੇ ਸਾਂਝ ਕੇਂਦਰਾਂ ਕੇ ਕੰਮ ਦਾ ਬੋਝ ਘੱਟੇਗਾ ਉਥੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਸਮੇਂ ਦੀ ਬਚਤ ਹੋਵੇਗੀ। ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ’ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਸੇਵਾਂ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕਰਨਾ ਲਾਜ਼ਮੀ ਤੌਰ ‘ਤੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *