ਕਿਸਾਨ ਰੇਲਵੇ ਸਟੇਸ਼ਨਾਂ ਨੂੰ ਆਪਣਾ ਘਰ ਬਣਾ ਲੈਣ

ਫਿਲੌਰ, 3 ਅਕਤੂਬਰ :ਇਥੇ ਰੇਲਵੇ ਸਟੇਸ਼ਨ ’ਤੇ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਹੋ ਸਕਦਾ ਕਿ ਹਾਕਮ ਇਹ ਸੋਚਦੇ ਹੋਣਗੇ ਕਿ ਕਿਸਾਨ ਪੰਜ ਸੱਤ ਦਿਨ ਧਰਨੇ ਦੇ ਕੇ ਅੱਕ ਜਾਣਗੇ ਪਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੱਥੋਂ ਚਲੀ ਜਾਏਗੀ ਉਹ ਆਪਣਾ ਸੰਘਰਸ਼ ਕਿਸੇ ਵੀ ਹਾਲਤ ’ਚ ਬੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਇਸ ਰੇਲਵੇ ਸਟੇਸ਼ਨ ਨੂੰ ਹੀ ਆਪਣਾ ਘਰ ਬਣਾ ਲੈਣ, ਇਥੋਂ ਹੀ ਜੇ ਕਿਤੇ ਕੰਮ ਜਾਣਾ ਹੋਵੇ ਤਾਂ ਜਾਣ ਪਰ ਵਾਪਸ ਇਥੇ ਹੀ ਆਉਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਜੇ ਕੇਂਦਰ ਵਲੋਂ ਗੱਲਬਾਤ ਲਈ ਕੋਈ ਸੱਦਾ ਆਵੇਗਾ ਤਾਂ 31 ਜਥੇਬੰਦੀਆਂ ਵਿਚਾਰ ਕਰਨਗੀਆਂ। ਅਗਲੀ ਰਣਨੀਤੀ ਤੈਅ ਕਰਨ ਲਈ ਕਿਸਾਨ ਜਥੇਬੰਦੀਆਂ ਦੀ ਸੱਤ ਅਕਤੂਬਰ ਨੂੰ ਮੀਟਿੰਗ ਚੰਡੀਗੜ੍ਹ ’ਚ ਬੁਲਾਈ ਗਈ ਹੈ। ਅੱਜ ਦਿਨ ਭਰ ਭਾਕਿਯੂ ਦੋਆਬਾ, ਕਿਰਤੀ ਕਿਸਾਨ ਯੂਨੀਅਨ, ਭਾਕਿਯੂ ਕਾਦੀਆਂ, ਆਲ ਇੰਡੀਆ ਕਿਸਾਨ ਸਭਾ ਦੇ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਿਨ੍ਹਾਂ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਮੁਕਾਮੀ ਆਗੂਆਂ ਨੇ ਵੀ ਕਿਸਾਨ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਹਾਜ਼ਰੀ ਲਵਾਈ।

ਦੋਰਾਹਾ : ਅੱਜ ਤੀਜੇ ਦਿਨ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਕਿਸਾਨ ਆਗੂ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ‘ਚ ਧਰਨਾ ਦਿੱਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਅਤੇ ਜਸਵੰਤ ਸਿੰਘ ਬੀਜਾ ਨੇ ਕਿਹਾ ਕਿ ‘ਕਿਸਾਨ ਬਚਾਓ ਤੇ ਕਾਰਪੋਰੇਟ ਭਜਾਓ’ ਦੇ ਨਾਅਰੇ ਹੇਠ ਜੋ ਕਿਸਾਨਾਂ ਨਾਲ ਖੜ੍ਹੇਗਾ, ਉਹੀ ਆਗੂ ਪਿੰਡਾਂ ਵਿਚ ਵੜੇਗਾ ਦਾ ਪ੍ਰਚਾਰ ਪਿੰਡ ਪੱਧਰ ਤੇ ਕੀਤਾ ਜਾਵੇਗਾ। ਇਸ ਮੌਕੇ ਮੁਖ਼ਤਿਆਰ ਸਿੰਘ ਧਮੋਟ, ਗੁਰਿੰਦਰ ਸਿੰਘ ਰਾਮਪੁਰ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ, ਅਵਤਾਰ ਸਿੰਘ ਅਜਨੌਦ, ਜੰਗ ਸਿੰਘ ਕੱਦੋਂ, ਪ੍ਰੀਤਮ ਸਿੰਘ ਰਾਮਪੁਰ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ ਕੋਟ ਪਨੈਚ, ਗੁਰਮੰਤ ਸਿੰਘ ਬਰਮਾਲੀਪੁਰ, ਗੁਰਦੀਪ ਸਿੰਘ, ਅਜੀਤ ਸਿੰਘ, ਨਵਜੀਤ ਸਿੰਘ, ਮੁਖ਼ਤਿਆਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਗਿੱਲ ਹਾਜ਼ਰ ਸਨ।

ਬਰਨਾਲਾ :ਬਰਨਾਲਾ ਰੇਲਵੇ ਸਟੇਸ਼ਨ ‘ਤੇ ਕਿਸਾਨ ਮਰਦ-ਔਰਤਾਂ ਨੇ ਅੱਜ ਤੀਸਰੇ ਦਿਨ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਸਿਆਪਾ ਕੀਤਾ। ਬੁਲਾਰਿਆਂ ‘ਚ ਬੀਕੇਯੂ ਡਕੌਂਦਾ ਦੇ ਬਲਵੰਤ ਸਿੰਘ ਉਪਲੀ ਭਾਕਿਯੂ ਸਿੱਧੂਪੁਰ ਦੇ ਰੂਪ ਸਿੰਘ, ਰਾਜੇਵਾਲ ਦੇ ਗਿਆਨੀ ਨਿਰਭੈ ਸਿੰਘ, ਲੱਖੋਵਾਲ ਦੇ ਜਗਸੀਰ ਸਿੰਘ ਛੀਨੀਵਾਲ, ਜੈ ਕਿਸਾਨ ਅੰਦੋਲਨ ਦੇ ਗੁਰਬਖ਼ਸ਼ ਸਿੰਘ ਕੱਟੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ, ਕੁੱਲ ਹਿੰਦ ਕਿਸਾਨ ਸਭਾਂ (ਸਾਂਬਰ) ਉਜਾਗਰ ਸਿੰਘ ਬੀਹਲਾ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰੰਜਣ ਸਿੰਘ ਠੀਕਰੀਵਾਲ ਤੇ ਜਮਹੂਰੀ ਕਿਸਾਨ ਯੂਨੀਅਨ ਆਗੂਆਂ ਕਿਹਾ ਕਿ ਖੇਤੀ ਕਾਨੂੰਨ ਤੇ ਬਿਜਲੀ ਕਾਨੂੰਨਕਿਸੇ ਵੀ ਹਾਲਤ ‘ਚ ਪ੍ਰਵਾਨ ਨਹੀਂ ਕਰਨਗੇ।

ਜੰਡਿਆਲਾ ਗੁਰੂ :ਦੇਵੀਦਾਸਪੁਰ ਵਿੱਚ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਉੱਪਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ ਦਸਵੇਂ ਦਿਨ ਵਿੱਚ ਦਾਖਲ ਹੋ ਗਿਆ ਅਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਇਸ ਮੌਕੇ ਰਾਸ਼ਟਰਪਤੀ ਅਤੇ ਰਾਜਪਾਲ ਦੀ ਅਰਥੀ ਫੂਕੀ ਗਈ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ ਅਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਆਉਂਦੀ 14 ਅਕਤੂਬਰ ਨੂੰ ਦੇਸ਼ ਵਿਆਪੀ ਘਟੋ ਘਟ ਸਮੱਰਥਨ ਮੁੱਲ ਦਿਹਾੜਾ ਮਨਾ ਕੇ ਦੇਸ਼ਵਿਆਪੀ ਅੰਦੋਲਨ ਦੀ ਪੂਰਨ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਛੇ ਅਕਤੂਬਰ ਨੂੰ ਹਰਿਆਣਾ ਵਿੱਚ 17 ਜਥੇਬੰਦੀਆਂ ਵੱਲੋਂ ਭਾਜਪਾ ਦੇ ਮੰਤਰੀਆਂ ਦੇ ਘਿਰਾਓ ਦੀ ਹਮਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਹਰਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਅੰਦੋਲਨ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਘੋਲ ਜਤਾਉਣਾ, ਸਾਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਮਨਜੀਤ ਸਿੰਘ ਸਿੱਧਵਾਂ, ਬਲਕਾਰ ਸਿੰਘ ਦੇਵੀਦਾਸਪੁਰਾ, ਦਿਆਲ ਸਿੰਘ, ਲਖਬੀਰ ਸਿੰਘ, ਗੁਰਨਾਮ ਸਿੰਘ, ਮੁਖਤਾਰ ਸਿੰਘ, ਹਰਜਿੰਦਰ ਸਿੰਘ, ਭਗਵਾਨ ਸਿੰਘ, ਪ੍ਰਿਤਪਾਲ ਸਿੰਘ, ਜੱਸਾ ਸਿੰਘ, ਬਲਜੀਤ ਸਿੰਘ, ਜਵਾਹਰ ਸਿੰਘ, ਕੁਲਵੰਤ ਸਿੰਘ, ਫਤਹਿ ਸਿੰਘ, ਸੁਖਪ੍ਰੀਤ ਸਿੰਘ ਅਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।

ਲਾਲੜੂ : ਕਿਸਾਨ ਜਥੇਬੰਦੀਆਂ ਵੱਲੋਂ ਲਾਲੜੂ ਰੇਲਵੇ ਲਾਈਨ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਰੰਧਾਵਾ, ਨਵਜੋਤ ਸਿੰਘ ਸੈਣੀ, ਸਵੀਟੀ ਸ਼ਰਮਾ ਅਤੇ ਕਿਸਾਨ ਜਥੇਬੰਦੀਆਂ ਨੇ ਸਮੂਲੀਅਤ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਕੁਰਲੀ, ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਢੇਲਾ ਅਤੇ ਲੱਖੋਵਾਲ ਦੇ ਬਲਾਕ ਪ੍ਰਧਾਨ ਕਰਮ ਸਿੰਘ, ਜਸਵੰਤ ਸਿੰਘ ਆਲਮਗੀਰ, ਹਰਵਿੰਦਰ ਟੋਨੀ, ਰਣਜੀਤ ਸਿੰਘ ਧਰਮਗੜ੍ਹ, ਗੁਰਭਜਨ ਸਿੰਘ ਸੈਣੀ, ਮਨਪ੍ਰੀਤ ਅਮਲਾਲਾ, ਹਰਵਿੰਦਰ ਸਿੰਘ ਝਰਮੜੀ, ਭੁਪਿੰਦਰ ਸਿੰਘ ਜੰਡਲੀ, ਜਰਨੈਲ ਸਿੰਘ ਝਰਮੜੀ, ਭਜਨ ਸਿੰਘ ਮੀਰਪੁਰਾ, ਜਸਵਿੰਦਰ ਸਿੰਘ ਟਿਵਾਣਾ, ਜਵਾਲਾ ਸਿੰਘ ਫੌਜੀ ਨੇ ਸੰਬੋਧਨ ਕੀਤਾ। ਸਟੇਸ਼ਨ ਸੁਪਰਡੈਂਟ ਲਾਲੜੂ ਵਿਨੋਦ ਕੁਮਾਰ ਨੇ ਦੱਸਿਆ ਕਿ ਅੰਦੋਲਨ ਕਾਰਨ ਡੇਢ ਦਰਜਨ ਤੋਂ ਵੱਧ ਰੇਲ ਤੇ ਮਾਲ ਗੱਡੀਆਂ ਪ੍ਰਭਾਵਿਤ ਹੋ ਰਹੀਆ ਹਨ।

Leave a Reply

Your email address will not be published.