ਕੋਰੋਨਾ ਵਾਲੇ ਨਵੇਂ ਦੌਰ ਲਈ ਆਪਣੇ ਆਪ ਨੂੰ ਤਿਆਰ ਕਰੀਏ

ਅਸੀਂ ਅੱਜ ਬੁੱਧਵਾਰ ਸਵੇਰੇ ਦੇ ਅਖਬਾਰ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਬਿਆਨ ਪੜ੍ਹਿਆ ਹੈ ਕਿ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਦੀ ਵੈਕਸੀਨ ਕਦੀ ਆਏ ਹੀ ਨਾ ਅਤੇ ਸਾਨੂੰ ਇਸ ਰੋਗ ਦੇ ਨਾਲ-ਨਾਲ ਜਿਊਣਾ ਪਵੇ, ਇਸ ਲਈ ਹੌਲੀ-ਹੌਲੀ ਕੰਮ-ਧੰਦੇ ਖੋਲ੍ਹਣੇ ਸ਼ੁਰੂ ਕਰਨੇ ਚਾਹੀਦੇ ਹਨ। ਉਸ ਦਾ ਇਹ ਬਿਆਨ ਜਦੋਂ ਪੜ੍ਹਿਆ ਤਾਂ ਉਸ ਤੋਂ ਪਹਿਲਾਂ ਇੱਕ ਹੋਰ ਬਿਆਨ ਵਰਲਡ ਹੈੱਲਥ ਆਰਗੇਨਾਈਜ਼ੇਸ਼ਨ ਦੇ ਮੁਖੀ ਦਾ ਪੜ੍ਹਿਆ ਸੀ। ਉਸ ਨੇ ਇਸ ਤੋਂ ਉਲਟ ਇਹ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ ਦੀ ਵੈਕਸੀਨ ਬਾਰੇ ਛੇ ਥਾਂਈਂ ਕੰਮ ਹੋ ਰਿਹਾ ਹੈ ਤੇ ਕਿਸੇ ਵੇਲੇ ਵੀ ਕਿਸੇ ਥਾਂ ਤੋਂ ਇਸ ਦੀ ਕਾਮਯਾਬੀ ਦੀ ਕੋਈ ਖਬਰ ਆ ਸਕਦੀ ਹੈ। ਅਸੀਂ ਦੋਵਾਂ ਵਿੱਚੋਂ ਕਿਸੇ ਨੂੰ ਕੱਟਦੇ ਨਹੀਂ। ਬ੍ਰਿਟੇਨ ਦਾ ਪ੍ਰਧਾਨ ਮੰਤਰੀ ਜੋ ਕਹਿੰਦਾ ਹੈ, ਉਸ ਨੇ ਇਹ ਪਤਾ ਹੁੰਦੇ ਹੋਏ ਕਿਹਾ ਹੈ ਕਿ ਉਸ ਦੇ ਆਪਣੇ ਦੇਸ਼ ਵਿੱਚ ਵੀ ਇਸ ਵੈਕਸੀਨ ਬਾਰੇ ਕੰਮ ਚੱਲ ਰਿਹਾ ਹੈ ਅਤੇ ਖੋਜ ਕਰਨ ਵਾਲੇ ਕਹਿੰਦੇ ਹਨ ਕਿ ਅਸੀਂ ਕਾਮਯਾਬੀ ਦੇ ਨੇੜੇ ਪਹੁੰਚੇ ਹੋਏ ਹਾਂ। ਇਸ ਭਰਵੇਂ ਦਾਅਵੇ ਦੇ ਬਾਵਜੂਦ ਜੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹਿ ਦਿੱਤੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਪੱਖ ਤੋਂ ਉਹ ਆਸ ਲਾਹ ਬੈਠਾ ਹੈ, ਸਗੋਂ ਇਹ ਹੈ ਕਿ ਉਹ ਇਸ ਦੇ ਆਉਣ ਦੀ ਝਾਕ ਵਿੱਚ ਕੰਮ ਨਹੀਂ ਰੋਕਣਾ ਚਾਹੁੰਦਾ।
ਬੋਰਿਸ ਜਾਨਸਨ ਤੋਂ ਪਹਿਲਾਂ ਵੀ ਕਈ ਵਿਦਵਾਨਾਂ ਅਤੇ ਵਿਗਿਆਨੀਆਂ ਨੇ ਇਹ ਗੱਲ ਕਹੀ ਹੋਈ ਹੈ ਕਿ ਜਿੱਦਾਂ ਦੇ ਵਾਇਰਸ ਨਾਲ ਵਾਹ ਪੈ ਗਿਆ ਹੈ, ਇਹ ਵੀ ਹੋ ਸਕਦਾ ਹੈ ਕਿ ਇਹ ਕਦੀ ਨਾ ਮਰੇ ਤੇ ਮਨੁੱਖਤਾ ਨੂੰ ਇਸ ਦੇ ਨਾਲ-ਨਾਲ ਭਵਿੱਖ ਵਿੱਚ ਜਿਊਣ ਦਾ ਵੱਲ ਸਿੱਖਣਾ ਪੈ ਜਾਵੇ। ਇਸ ਦਾ ਅਰਥ ਹੈ ਕਿ ਸਾਨੂੰ ਬਾਕੀ ਦੇ ਜੀਵਨ ਵਿੱਚ ਆਪਣੇ ਮੂੰਹਾਂ ਉੱਤੇ ਮਾਸਕ ਬੰਨ੍ਹੇ ਹੋਏ ਤੇ ਜੇਬਾਂ ਵਿੱਚ ਸੈਨੇਟਾਈਜ਼ਰ ਦੀਆਂ ਬੋਤਲਾਂ ਲੈ ਕੇ ਚੱਲਣਾ ਪਿਆ ਕਰੇਗਾ। ਬੱਚਿਆਂ ਦੀ ਖੇਡਾਂ ਦੀ ਖੁਸ਼ੀ ਵੀ ਰੋਕਣੀ ਪਵੇਗੀ ਤੇ ਪਿਕਨਿਕ ਸਪਾਟ ਆਦਿ ਵੱਲ ਉਡਾਰੀਆਂ ਲਾਉਣ ਦਾ ਕੰਮ ਵੀ ਛੱਡਣਾ ਪਵੇਗਾ। ਇੱਕ ਵੱਖਰੀ ਤਰ੍ਹਾਂ ਦੀ ਦੁਨੀਆ ਅਗਲੇ ਸਾਲਾਂ ਵਿੱਚ ਸਾਡੇ ਲਈ ਜੀਵਨ ਜਾਚ ਦਾ ਹਿੱਸਾ ਹੋ ਸਕਦੀ ਹੈ। ਉਸ ਜ਼ਿੰਦਗੀ ਲਈ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਇੱਕ ਦਮ ਜੀਵਨ-ਢੰਗ ਦਾ ਗੇਅਰ ਬਦਲਣ ਵਿੱਚ ਕਾਫੀ ਮੁਸ਼ਕਲ ਆ ਸਕਦੀ ਹੈ, ਪਰ ਇਸ ਤੋਂ ਬਿਨਾ ਦੂਸਰਾ ਰਸਤਾ ਵੀ ਕੋਈ ਦਿਖਾਈ ਨਹੀਂ ਦੇ ਰਿਹਾ। ਫਿਰ ਵੀ ਅਜੇ ਆਸ ਦੀ ਕੰਨੀ ਛੱਡਣੀ ਨਹੀਂ ਚਾਹੀਦੀ।
ਮਨੁੱਖਤਾ ਨੇ ਬਹੁਤ ਔਖੇ ਪੜਾਵਾਂ ਨੂੰ ਪਾਰ ਕਰਦਿਆਂ ਏਥੋਂ ਤੱਕ ਦਾ ਪੈਂਡਾ ਗਾਹਿਆ ਹੈ। ਜਦੋਂ ਜੰਗਲਾਂ ਦਾ ਵਸੇਬਾ ਕਰਨਾ ਪੈਂਦਾ ਸੀ ਤੇ ਅਗਲੇ ਡੰਗ ਦੀ ਰੋਟੀ ਦਾ ਵੀ ਕੋਈ ਯਕੀਨੀ ਵਸੀਲਾ ਨਹੀਂ ਸੀ ਹੁੰਦਾ, ਕਿਧਰੇ ਬੀਮਾਰੀ ਜਾ ਕੁਝ ਸੱਟ ਆਦਿ ਲੱਗ ਜਾਵੇ ਤਾਂ ਇਲਾਜ ਦੀ ਕੋਈ ਵਿਧੀ ਹਾਲੇ ਨਹੀਂ ਸੀ ਬਣੀ, ਮਨੁੱਖਤਾ ਓਦੋਂ ਵੀ ਪੈਂਡਾ ਕਰਦੀ ਰਹੀ। ਅਜੋਕੇ ਦੌਰ ਵਿੱਚ ਵੀ ਮਨੁੱਖਤਾ ਨੇ ਸਾਹ ਨਹੀਂ ਛੱਡ ਦੇਣਾ, ਅੱਗੇ ਚੱਲਦੀ ਰਹਿਣਾ ਹੈ ਤੇ ਏਦਾਂ ਦੀਆਂ ਮੁਸ਼ਕਲਾਂ ਨਾਲ ਵੀ ਲੜਨਾ ਪਵੇ ਤਾਂ ਉਨ੍ਹਾਂ ਵਿੱਚੋਂ ਦੀ ਰਾਹ ਬਣਾਉਣਾ ਪੈਣਾ ਹੈ। ਅਸੀਂ ਇਹ ਸਮਝ ਕੇ ਚੱਲੀਏ ਕਿ ਪਿਛਲਾ ਸੁਖਾਵਾਂ ਦੌਰ ਪਿੱਛੇ ਰਹਿ ਗਿਆ ਹੈ ਤੇ ਨਵੇਂ ਦੌਰ ਵਿੱਚ ਜਦੋਂ ਨਵਾਂ ਜੀਵਨ-ਢੰਗ ਅਪਣਾਉਣਾ ਹੈ ਤਾਂ ਆਪਣੇ ਸੁਭਾਅ ਵੀ ਉਸ ਦੌਰ ਮੁਤਾਬਕ ਬਦਲਣੇ ਪੈਣੇ ਹਨ। ਅੱਜ ਵਾਲੀ ਰਾਜਨੀਤੀ ਵੀ ਸ਼ਾਇਦ ਨਹੀਂ ਰਹਿ ਸਕਣੀ, ਇਸ ਵਿੱਚ ਵੀ ਕਈ ਕਿਸਮਾਂ ਦੇ ਨਵੇਂ ਤੌਰ ਵੇਖਣ ਨੂੰ ਮਿਲ ਸਕਦੇ ਹਨ। ਸਿਹਤ ਸੇਵਾਵਾਂ ਹਸਪਤਾਲ ਆਦਿ ਵਿੱਚ ਵੀ ਨਵਾਂ ਕੁਝ ਵੇਖਣਾ ਪੈ ਸਕਦਾ ਹੈ। ਮਨੁੱਖਤਾ ਦਾ ਸਦੀਆਂ ਅਤੇ ਯੁੱਗਾਂ ਦਾ ਤਜਰਬਾ ਇਹੋ ਹੈ ਕਿ ਜਦੋਂ ਵੀ ਕੁਝ ਨਵਾਂ ਹੋਣ ਲੱਗਦਾ ਤਾਂ ਮੁੱਢਲੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਨਾਲ ਬਰ ਮੇਚ ਕੇ ਚੱਲਣਾ ਔਖਾ ਹੋ ਜਾਂਦਾ ਸੀ, ਪਰ ਸਮੇਂ ਦੇ ਹਾਣੀ ਬਣਨ ਨੂੰ ਬਹੁਤਾ ਸਮਾਂ ਨਹੀਂ ਲੱਗਦਾ। ਸੰਸਾਰ ਭਰ ਦੇ ਲੋਕ ਜਿਸ ਦੌੜ ਵਿੱਚ ਸ਼ਾਮਲ ਹੋ ਰਹੇ ਹਨ, ਜਦੋਂ ਅਸੀਂ ਲੋਕ ਉਸ ਦੌੜ ਤੋਂ ਬਾਹਰ ਨਹੀਂ ਰਹਿ ਸਕਦੇ ਤੇ ਉਸ ਦੌੜ ਦਾ ਹਿੱਸਾ ਬਣਨਾ ਹੀ ਪੈਣਾ ਹੈ ਤਾਂ ਚੀਕਾਂ ਮਾਰਨ ਦਾ ਕੋਈ ਫਾਇਦਾ ਨਹੀਂ, ਭੱਜਦਿਆਂ ਨੂੰ ਵਾਹਣ ਇੱਕੋ ਜਿਹੀ ਹੀ ਹੁੰਦਾ ਹੈ।
ਅਸੀਂ ਇਸ ਵਕਤ ਬਹੁਤ ਸਾਰੇ ਲੋਕਾਂ ਨੂੰ ਫੋਨ ਉੱਤੇ ਆਪਣੇ ਭਾਰਤ ਦੇਸ਼ ਦੀ ਸਰਕਾਰ ਨੂੰ ਬੁਰਾ-ਭਲਾ ਕਹਿੰਦੇ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸੁਣਦੇ ਹਾਂ। ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਰੋਕਣਾ ਵੀ ਨਹੀਂ ਚਾਹੀਦਾ। ਇਸ ਤਰੀਕੇ ਨਾਲ ਉਹ ਆਪਣੇ ਅੰਦਰ ਦੀ ਭੜਾਸ ਕੱਢ ਲੈਣ ਨਾਲ ਕੁਝ ਮਨ ਹੌਲਾ ਮਹਿਸੂਸ ਕਰਦੇ ਹਨ ਤਾਂ ਇਸ ਵਿੱਚ ਇਤਰਾਜ਼ ਵੀ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਵਿਹਲ ਮਿਲੇ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਅਮਰੀਕਾ ਵਰਗੀ ਮਹਾਂਸ਼ਕਤੀ ਦਾ ਆਪਣਾ ਦੇਸ਼ ਕਿਸ ਮੁਸੀਬਤ ਵਿੱਚ ਫਸਿਆ ਪਿਆ ਹੈ, ਉਸ ਦੇਸ਼ ਵਿੱਚ ਅੱਸੀ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਅਜੇ ਵੀ ਇਸ ਲੜੀ ਨੂੰ ਰੋਕ ਨਹੀਂ ਲੱਗ ਰਹੀ। ਬ੍ਰਿਟੇਨ ਕੋਈ ਘੱਟ ਵਿਕਸਤ ਨਹੀਂ, ਪਰ ਉਸ ਦੇਸ਼ ਵਿੱਚ ਵੀ ਮੌਤਾਂ ਦੀ ਲੜੀ ਟੁੱਟਣ ਦਾ ਨਾਂਅ ਨਹੀਂ ਲੈ ਰਹੀ। ਜਰਮਨੀ, ਫਰਾਂਸ, ਇਟਲੀ, ਸਪੇਨ ਆਦਿ ਦਾ ਵੀ ਮੰਦਾ ਹਾਲ ਹੋਇਆ ਪਿਆ ਹੈ। ਆਪਣੇ ਭਾਰਤ ਦੀ ਗੱਲ ਕਰਨ ਲੱਗਿਆਂ ਇਹ ਸੋਚਣਾ ਚਾਹੀਦਾ ਹੈ ਕਿ ਏਥੇ ਅਜੇ ਓਨੀਆਂ ਮੌਤਾਂ ਨਹੀਂ ਹੋਈਆਂ। ਇਸ ਦਾ ਕਾਰਨ ਇਹੋ ਹੈ ਕਿ ਏਥੇ ਸਰਕਾਰ ਨੇ ਆਪਣੇ ਲੋਕਾਂ ਦੀ ਨਾਰਾਜ਼ਗੀ ਦੀ ਚਿੰਤਾ ਕੀਤੇ ਬਗੈਰ ਵੇਲੇ ਸਿਰ ਕਈ ਏਦਾਂ ਦੇ ਕਦਮ ਚੁੱਕਣ ਲਈ ਪਹਿਲ ਕਰ ਲਈ ਸੀ, ਜਿਹੜੇ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ਨੇ ਦੇਰੀ ਕਰ ਕੇ ਚੁੱਕੇ ਸਨ।
ਮੁਸੀਬਤ ਇਹ ਬਹੁਤ ਵੱਡੀ ਹੈ, ਇਸ ਦਾ ਦੌਰ ਵੀ ਕਾਫੀ ਲੰਮਾ ਚੱਲਣ ਵਾਲਾ ਹੋਣ ਕਾਰਨ ਹਰ ਕਿਸੇ ਨੂੰ ਇਸ ਦੇ ਮੁਕਾਬਲੇ ਲਈ ਆਪਣਾ ਸਿਦਕ ਅਤੇ ਸਬਰ ਓਸੇ ਹਿਸਾਬ ਨਾਲ ਵੱਡਾ ਰੱਖ ਕੇ ਚੱਲਣਾ ਪੈਣਾ ਹੈ। ਹਨੇਰੀਆਂ ਵਿੱਚ ਸਦੀਆਂ ਦੀ ਉਮਰ ਹੰਢਾ ਚੁੱਕੇ ਵੱਡੇ ਰੁੱਖ ਅਸੀਂ ਜੜ੍ਹਾਂ ਤੋਂ ਪੁੱਟੇ ਜਾਂਦੇ ਵੇਖੇ ਹੋਏ ਹਨ, ਪਰ ਜਿੱਥੇ ਕਿਧਰੇ ਇੱਕ ਦੂਸਰੇ ਵਿੱਚ ਫਸਵੀਂ ਰੁੱਖਾਂ ਦੀ ਝਿੜੀ ਹੋਵੇ, ਉਹ ਕਦੀ ਹਨੇਰੀਆਂ ਨਾਲ ਪੁੱਟੀ ਨਹੀਂ ਜਾਂਦੀ। ਜਦੋਂ ਇਨਸਾਨੀਅਤ ਦੇ ਸਿਰ ਇੱਕ ਅਲੋਕਾਰ ਜਿਹੀ ਮੁਸੀਬਤ ਆਣ ਪਈ ਹੈ, ਓਦੋਂ ਉਸ ਝਿੜੀ ਵਾਂਗ ਇਕੱਠੇ ਰਹਿਣ ਦੀ ਲੋੜ ਹੈ। ਮਨੁੱਖ ਦਾ ਭਲਾ ਏਦਾਂ ਹੀ ਹੋਵੇਗਾ। ਸੰਸਾਰ ਦੀ ਸੁੱਖ ਮੰਗਣੀ ਹੈ ਅਤੇ ਆਪਣੇ ਪਰਵਾਰ ਦੀ ਸੁੱਖ ਮੰਗਣੀ ਹੈ ਤਾਂ ਆਪਸੀ ਏਕਾ ਕਾਇਮ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਅਤੇ ਨਾਲ ਦੀ ਨਾਲ ਏਕੇ ਦੇ ਬਾਵਜੂਦ ਇੱਕ ਦੂਸਰੇ ਤੋਂ ਥੋੜ੍ਹਾ ਫਾਸਲਾ ਰੱਖ ਕੇ ਕਾਰੋਬਾਰ ਦੀ ਮੁੜ ਸ਼ੁਰੂਆਤ ਵੀ ਕਰਨ ਦੀ ਲੋੜ ਪੈਣੀ ਹੈ। ਆਓ, ਅਸੀਂ ਇਸ ਨਵੇਂ ਦੌਰ ਵਿੱਚ ਨਵੇਂ ਕਦਮਾਂ ਲਈ ਆਪਣੇ ਆਪ ਨੂੰ ਤਿਆਰ ਕਰੀਏ।

 

ਜਤਿੰਦਰ ਪਨੂੰ