ਵੱਖਰੇ ਕਿਸਮ ਦੇ ਕੋਰੋਨਾ ਵਾਲੇ ਹਾਲਾਤ ਵਿੱਚ ਸਾਰਿਆਂ ਨੂੰ ਸੋਚ ਕੇ ਚੱਲਣਾ ਪਵੇਗਾ

ਬਿਨਾਂ ਸ਼ੱਕ ਕੋਰੋਨਾ ਵਾਇਰਸ ਦੇ ਕੇਸ ਆਉਣੇ ਅਜੇ ਬੰਦ ਨਹੀਂ ਹੋਏ, ਭਾਰਤ ਵਿੱਚ ਵੀ ਤੇ ਸੰਸਾਰ ਵਿੱਚ ਵੀ ਨਵੇਂ ਕੇਸ ਆ ਰਹੇ ਹਨ, ਪਰ ਇਨ੍ਹਾਂ ਦੀ ਰਫਤਾਰ ਪਹਿਲਾਂ ਵਾਂਗ ਵਧ ਨਹੀਂ ਰਹੀ। ਸੋਲਾਂ ਮਾਰਚ ਤੋਂ ਬਾਅਦ ਦੇ ਮਹੀਨੇ ਤੋਂ ਵੱਧ ਦੇ ਸਮੇਂ ਵਿੱਚ ਇਸ ਨਾਲ ਹੁੰਦੀਆਂ ਮੌਤਾਂ ਦੀ ਰੋਜ਼ਾਨਾ ਗਿਣਤੀ ਘਟਦੀ ਵੇਖੀ ਗਈ ਹੈ। ਫਿਰ ਵੀ ਗਿਣਤੀ ਵਧ ਰਹੀ ਹੈ ਤੇ ਇਹੋ ਗੱਲ ਦੱਸਦੀ ਹੈ ਕਿ ਚੌਕਸੀ ਦਾ ਸਮਾਂ ਅਜੇ ਖਤਮ ਨਹੀਂ ਹੋਇਆ, ਜ਼ਰਾ ਕੁ ਲਾਪਰਵਾਹੀ ਕਰਨ ਨਾਲ ਸੰਸਾਰ ਭਰ ਦੇ ਲੋਕ ਫਿਰ ਮੁਸੀਬਤ ਵਿੱਚ ਫਸ ਸਕਦੇ ਹਨ। ਭਾਰਤ ਦੇ ਮਾਮਲੇ ਵਿੱਚ ਇਹ ਗੱਲ ਹੋਰ ਵੀ ਵਧੇਰੇ ਧਿਆਨ ਦੀ ਮੰਗ ਕਰਦੀ ਹੈ, ਜਿਸ ਦੇ ਕੁਝ ਰਾਜ: ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਦਿੱਲੀ ਅਜੇ ਤੱਕ ਇਸ ਨੂੰ ਵਧਣ ਤੋਂ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਕੱਲਾ ਮਹਾਰਾਸ਼ਟਰ ਅਤੇ ਇਸ ਦਾ ਮੁੰਬਈ ਸ਼ਹਿਰ ਹੀ ਬੁਰੀ ਤਰ੍ਹਾਂ ਪ੍ਰਭਾਵਤ ਹਨ ਤੇ ਇਸ ਦੇ ਨਾਲ ਲੱਗਦੇ ਗੁਜਰਾਤ, ਅਤੇ ਖਾਸ ਤੌਰ ਉੱਤੇ ਅਹਿਮਦਾਬਾਦ ਸ਼ਹਿਰ ਦਾ ਜ਼ਿਕਰ ਸੁਣਦੇ ਸਾਰ ਹੀ ਲੋਕ ਅਗਲੀ ਸੁਣਾਉਣੀ ਲਈ ਸੋਚੀਂ ਪੈ ਜਾਂਦੇ ਹਨ। ਇਨ੍ਹਾਂ ਦੋਵਾਂ ਰਾਜਾਂ ਨਾਲ ਮੱਧ ਪ੍ਰਦੇਸ਼ ਵਿਚਲੇ ਇੰਦੌਰ ਸ਼ਹਿਰ ਦਾ ਹਾਲ ਵੀ ਚੰਗਾ ਨਹੀਂ ਤੇ ਰਾਜਧਾਨੀ ਦਿੱਲੀ ਵਿੱਚ ਵੀ ਇੱਕ ਵਾਰ ਫਿਰ ਮਾਰ ਵਧਦੀ ਜਾਪ ਰਹੀ ਹੈ।
ਏਦਾਂ ਦੇ ਹਾਲਾਤ ਵਿੱਚ ਭਾਰਤ ਸਰਕਾਰ ਨੇ ਲਾਕਡਾਊਨ ਵਿੱਚ ਕੁਝ ਢਿੱਲਾਂ ਦੇਣ ਦਾ ਵਿਚਾਰ ਬਣਾਇਆ ਤਾਂ ਸਾਡੇ ਪੰਜਾਬ ਦੀ ਸਰਕਾਰ ਨੇ ਵੀ ਕਰਫਿਊ ਛੱਡ ਕੇ ਲਾਕਡਾਊਨ ਦੇ ਮੁਕਾਬਲਤਨ ਕੁਝ ਢਿੱਲੇ ਮਾਹੌਲ ਵਾਲਾ ਫੈਸਲਾ ਕਰ ਲਿਆ ਹੈ। ਕਈ ਲੋਕ ਸਮਝਦੇ ਹਨ ਕਿ ਇਸ ਨਾਲ ਬਿਮਾਰੀ ਫਿਰ ਉਛਾਲਾ ਮਾਰ ਸਕਦੀ ਹੈ। ਇਸ ਖਤਰੇ ਵੱਲੋਂ ਲਾਪਰਵਾਹੀ ਤਾਂ ਨਹੀਂ ਵਰਤੀ ਜਾ ਸਕਦੀ, ਪਰ ਇਹ ਰਿਸਕ ਕਦੇ ਨਾ ਕਦੇ ਲੈਣਾ ਹੀ ਪੈਣਾ ਸੀ। ਸਾਰੇ ਖਤਰਿਆ ਸਮੇਤ ਦੁਨੀਆ ਭਰ ਵਿੱਚ ਕੁਝ ਹੱਦ ਤੱਕ ਖੁੱਲ੍ਹਾਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਤਾਂ ਭਾਰਤ ਅਤੇ ਪੰਜਾਬ ਦੇ ਲੋਕਾਂ ਅੱਗੇ ਲੰਮਾਂ ਸਮਾਂ ਬੈਰੀਕੇਡ ਨਹੀਂ ਸਨ ਲੱਗੇ ਰਹਿ ਸਕਦੇ। ਸਭ ਤੋਂ ਵੱਧ, ਤੇ ਨੱਬੇ ਹਜ਼ਾਰ ਤੋਂ ਵੱਧ ਮੌਤਾਂ ਨਾਲ ਬੁਰੀ ਤਰ੍ਹਾਂ ਝਰੀਟੇ ਪਏ ਅਮਰੀਕਾ ਵਿੱਚ ਵੀ ਢਿੱਲਾਂ ਦੇਣ ਦਾ ਸਿਲਸਿਲਾ ਚੱਲ ਪਿਆ ਹੈ ਅਤੇ ਬਹੁਤ ਵੱਡੀ ਮਾਰ ਝੱਲ ਚੁੱਕੇ ਇਟਲੀ ਦੀ ਸਰਕਾਰ ਵੀ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਨ ਲੱਗੀ ਹੈ ਤਾਂ ਭਾਰਤ ਵਿੱਚ ਵੀ ਖੁੱਲ੍ਹਾਂ ਦੇਣੀਆਂ ਪੈਣੀਆਂ ਸਨ।
ਕਰੀਬ ਦੋ ਮਹੀਨੇ ਇਸ ਮਹਾਮਾਰੀ ਦਾ ਸੇਕ ਝੱਲਣ ਦੇ ਬਾਵਜੂਦ ਅਸੀਂ ਭਾਰਤੀ ਲੋਕ ਹਾਲੇ ਤੱਕ ਇਸ ਨਾਲ ਬਣਨ ਵਾਲੇ ਨਵੇਂ ਹਾਲਾਤ ਨੂੰ ਸਮਝ ਨਹੀਂ ਸਕੇ। ਏਸੇ ਲਈ ਹਰ ਕੋਈ ਆਪੋ ਆਪਣੀ ਬੋਲੀ ਬੋਲਦਾ ਸੁਣਦਾ ਹੈ। ਭਾਰਤ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਅਗਲੇ ਦਿਨਾਂ ਵਿੱਚ ਹਾਲੇ ਕੁਝ ਚਿਰ ਸਾਰੇ ਧਰਮ ਅਸਥਾਨਾਂ ਵਿੱਚ ਸ਼ਰਧਾਲੂਆਂ ਦਾ ਜਾਣਾ ਬੰਦ ਰੱਖਣਾ ਪੈਣਾ ਹੈ, ਪਰ ਸਾਡੇ ਪੰਜਾਬ ਦੇ ਇੱਕ ਵੱਡੇ ਧਾਰਮਿਕ ਅਦਾਰੇ ਦੇ ਪ੍ਰਧਾਨ ਨੇ ਇਹ ਮੰਗ ਕਰ ਦਿੱਤੀ ਕਿ ਜਦੋਂ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ ਤਾਂ ਸਾਡੇ ਧਾਰਮਿਕ ਅਸਥਾਨਾਂ ਦਾ ਦਾਖਲਾ ਵੀ ਖੋਲ੍ਹ ਦੇਣਾ ਚਾਹੀਦਾ ਹੈ। ਪਹਿਲਾਂ ਉਸ ਦੀ ਇਹੋ ਕਮ-ਅਕਲੀ ਹੈ ਕਿ ਧਾਰਮਿਕ ਅਸਥਾਨਾਂ ਦੀ ਤੁਲਨਾ ਉਹ ਸ਼ਰਾਬ ਦੇ ਠੇਕਿਆਂ ਨਾਲ ਕਰਨ ਤੁਰ ਪਿਆ ਹੈ ਤੇ ਦੂਸਰੀ ਇਹ ਕਿ ਜਦੋਂ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਲਈ ਪਾਬੰਦੀ ਹਾਲੇ ਜਾਰੀ ਹੈ ਤਾਂ ਇੱਕ ਧਰਮ ਦੇ ਅਸਥਾਨਾਂ ਲਈ ਖੁੱਲ੍ਹ ਦੀ ਮੰਗ ਹਾਸੋਹੀਣੀ ਬਣ ਜਾਂਦੀ ਹੈ। ਦੂਸਰਾ ਬਾਜ਼ਾਰਾਂ ਦੀ ਦੁਨੀਆ ਦਾ ਰੰਗ ਹੈ। ਸਰਕਾਰ ਦੇ ਹੁਕਮ ਬੜੇ ਸਾਫ ਕਹਿੰਦੇ ਹਨ ਕਿ ਫਲਾਣੀ ਦੁਕਾਨ ਖੋਲ੍ਹੀ ਜਾ ਸਕਦੀ ਹੈ ਤੇ ਫਲਾਣੀ ਨਹੀਂ, ਪਰ ਦੁਕਾਨਦਾਰਾਂ ਨੇ ਹੁਕਮ ਪੜ੍ਹੇ ਨਹੀਂ ਜਾਂ ਪੜ੍ਹ ਕੇ ਅਣਗੌਲੇ ਕਰ ਦਿੱਤੇ ਤੇ ਹਰ ਬਾਜ਼ਾਰ ਵਿੱਚ ਲਗਭਗ ਹਰ ਕਿਸਮ ਦੀਆਂ ਦੁਕਾਨਾਂ ਖੁੱਲ੍ਹਣ ਲੱਗ ਪਈਆਂ। ਦੋ ਮਹੀਨੇ ਤੋਂ ਘਰਾਂ ਵਿੱਚ ਬੰਦ ਹੋਏ ਪਏ ਲੋਕਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਬਾਜ਼ਾਰ ਖੁੱæææਲ੍ਹਣ ਲੱਗੇ ਹਨ ਤਾਂ ਬਿਨਾਂ ਲੋੜ ਤੋਂ ਵੀ ਉਹ ਬਾਜ਼ਾਰਾਂ ਨੂੰ ਨਿਕਲ ਪਏ ਤੇ ਕਈ ਥਾਂਈਂ ਏਨੀ ਭੀੜ ਲੱਗ ਗਈ ਕਿ ਪੁਲਸ ਨੂੰ ਬਾਜ਼ਾਰ ਬੰਦ ਕਰਨ ਲਈ ਕਹਿਣਾ ਪਿਆ ਤੇ ਫਿਰ ਰੋਕਾਂ ਲਾ ਕੇ ਖੋਲ੍ਹਣ ਦੀ ਨੌਬਤ ਆ ਗਈ। ਇਹੋ ਜਿਹੇ ਰੌਂਅ ਵਿੱਚ ਲੋਕ ਆਪਣੇ ਲਈ ਤੇ ਆਪਣੇ ਪਰਵਾਰਾਂ ਲਈ ਵੀ ਬਿਮਾਰੀ ਦੀ ਲਾਗ ਚੁੱਕ ਲਿਆਉਣ ਦਾ ਖਤਰਾ ਸਹੇੜ ਰਹੇ ਹਨ, ਪਰ ਉਹ ਰੁਕਣ ਨੂੰ ਤਿਆਰ ਨਹੀਂ।
ਇਸ ਦੌਰਾਨ ਅਸੀਂ ਅਮਰੀਕਾ ਦੀ ਇੱਕ ਕੰਪਨੀ ਵੱਲੋਂ ਇਸ ਬਿਮਾਰੀ ਦੀ ਦਵਾਈ ਬਣਾਏ ਜਾਣ ਬਾਰੇ ਪੜ੍ਹਿਆ ਹੈ ਤੇ ਇਸ ਦੀ ਕਾਮਨਾ ਕੀਤੀ ਹੈ ਕਿ ਦਵਾਈ ਬਣ ਜਾਵੇ, ਪਰ ਇਹ ਜ਼ਰੂਰੀ ਨਹੀਂ ਕਿ ਦਵਾਈ ਬਣ ਹੀ ਜਾਵੇਗੀ। ਪਿਛਲੇ ਦੋ ਮਹੀਨਿਆਂ ਵਿੱਚ ਕਈ ਕੰਪਨੀਆਂ ਨੇ ਏਦਾਂ ਦਾ ਦਾਅਵਾ ਕੀਤਾ ਸੀ, ਉਨ੍ਹਾਂ ਕੰਪਨੀਆਂ ਦੇ ਸ਼ੇਅਰ ਵੀ ਤੇਜ਼ੀ ਨਾਲ ਚੜ੍ਹ ਗਏ, ਪਰ ਬਾਅਦ ਵਿੱਚ ਦਵਾਈ ਸਾਹਮਣੇ ਨਹੀਂ ਆਈ। ਜਿਸ ਅਮਰੀਕੀ ਕੰਪਨੀ ਨੇ ਇਹ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ, ਉਸ ਦੇ ਇਸ ਦਾਅਵੇ ਦੇ ਨਾਲ ਉਸ ਕੰਪਨੀ ਦੇ ਸ਼ੇਅਰ ਵੀ ਮਾਰਕੀਟ ਵਿੱਚ ਤੇਜ਼ੀ ਨਾਲ ਚੜ੍ਹੇ ਅਤੇ ਉਸ ਦੇ ਭਾਈਵਾਲਾਂ ਦਾ ਚੋਖਾ ਲਾਭ ਹੋ ਗਿਆ ਹੋਵੇਗਾ, ਅੱਗੋਂ ਦਵਾਈ ਲੋਕਾਂ ਤੱਕ ਪਹੁੰਚਦੀ ਹੈ ਕਿ ਨਹੀਂ, ਇਹ ਕਹਿਣਾ ਹਾਲ ਦੀ ਘੜੀ ਕਿਸੇ ਲਈ ਵੀ ਔਖਾ ਹੈ। ਏਦਾਂ ਹੀ ਚੀਨ ਦੀ ਇੱਕ ਕੰਪਨੀ ਨੇ ਵੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਜਿਹੜੀ ਵੀ ਕੰਪਨੀ ਤੇ ਜਿਹੜਾ ਵੀ ਦੇਸ਼ ਇਹ ਦਵਾਈ ਬਣਾ ਲਵੇ, ਸੰਸਾਰ ਦੇ ਲੋਕ ਉਸ ਦੇ ਧੰਨਵਾਦੀ ਹੋਣਗੇ।
ਜਿਹੜਾ ਕੰਮ ਕਰਨ ਵਾਲਾ ਹੈ, ਉਹ ਇਹ ਕਿ ਕਿਸੇ ਦਵਾਈ ਦੀ ਕਾਮਯਾਬੀ ਦੀ ਝਾਕ ਵਿੱਚ ਸੰਸਾਰ ਭਰ ਦੇ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਕੇ ਨਹੀਂ ਰੱਖਿਆ ਜਾ ਸਕਦਾ, ਇਸ ਲਈ ਜਦੋਂ ਕਿਸੇ ਸਰਕਾਰ ਵੱਲੋਂ ਖੁੱਲ੍ਹਾਂ ਮਿਲਦੀਆਂ ਹਨ ਤਾਂ ਉਨ੍ਹਾਂ ਖੁੱਲ੍ਹਾਂ ਨੂੰ ਸੰਭਲ ਕੇ ਵਰਤਿਆ ਜਾਵੇ। ਭੀੜਾਂ ਦੇ ਦਰਮਿਆਨ ਜਾਣ ਅਤੇ ਖੁਦ ਭੀੜਾਂ ਲਾਉਣ ਤੋਂ ਸਾਰੇ ਲੋਕਾਂ ਨੂੰ ਬਚਣ ਦੀ ਲੋੜ ਹੈ। ਵਿਕਸਤ ਦੇਸ਼ਾਂ ਵਿੱਚ ਵੀ ਕਈ ਲੋਕ ਇਸ ਪੱਖ ਤੋਂ ਲਾਪਰਵਾਹੀ ਵਰਤ ਰਹੇ ਹਨ। ਭਾਰਤ ਵਰਗੇ ਦੇਸ਼ਾਂ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਲੋਕਾਂ ਦੀ ਤਸੱਲੀ ਕਦੀ ਨਹੀਂ ਹੋ ਸਕਦੀ ਤੇ ਇਹ ਵੀ ਹੈ ਕਿ ਇੱਕ ਪਾਰਟੀ ਦੇ ਹੱਥੀਂ ਰਾਜ ਦਾ ਕੰਟਰੋਲ ਆਉਣ ਤੋਂ ਬਾਅਦ ਦੂਸਰੀਆਂ ਪਾਰਟੀਆਂ ਰਾਜ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੀਆਂ, ਸਗੋਂ ਆਮ ਤੌਰ ਉੱਤੇ ਲੋਕਾਂ ਨੂੰ ਸਰਕਾਰ ਦੇ ਕਦਮਾਂ ਅੱਗੇ ਅੜਿੱਕੇ ਡਾਹੁਣ ਲਈ ਉਕਸਾਉਂਦੀਆਂ ਹਨ। ਹਰ ਮਾਮਲੇ ਵਿੱਚ ਰਾਜਨੀਤਕ ਲਾਭ ਨਹੀਂ ਵੇਖੇ ਜਾਣੇ ਚਾਹੀਦੇ। ਕੋਰੋਨਾ ਵਾਇਰਸ ਦੀ ਮਾਰ ਇੱਕ ਖਾਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਵਾਲੀ ਹੈ। ਇਸ ਦੇ ਟਾਕਰੇ ਲਈ ਰਾਜਨੀਤਕ ਲਾਭ ਪਾਸੇ ਰੱਖਣੇ ਅਤੇ ਇੱਕਜੁਟਤਾ ਨਾਲ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

 

ਜਤਿੰਦਰ ਪਨੂੰ