ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਦਾ ਕੇਸ ਅਗਲੇ ਸਾਲ ਤੱਕ ਮੁਲਤਵੀ

ਓਟਵਾ, 7 ਅਕਤੂਬਰ (ਪੋਸਟ ਬਿਊਰੋ) : ਆਫਿਸ ਵਿੱਚ ਰਹਿੰਦਿਆਂ ਫਰਾਡ ਤੇ ਬ੍ਰੀਚ ਆਫ ਟਰਸਟ ਦੇ ਚਾਰਜਿਜ਼ ਨਾਲ ਘਿਰੇ ਸਾਬਕਾ ਲਿਬਰਲ ਐਮਪੀ ਦਾ ਕੇਸ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ|
ਮੰਗਲਵਾਰ ਨੂੰ ਨਿੱਕੀ ਜਿਹੀ ਵਰਚੂਅਲ ਸੁਣਵਾਈ ਤੋਂ ਬਾਅਦ ਰਾਜ ਗਰੇਵਾਲ ਦੇ ਵਕੀਲਾਂ ਤੇ ਕ੍ਰਾਊਨ ਦਰਮਿਆਨ ਇਸ ਮਾਮਲੇ ਤਹਿਤ ਅਗਲੇ ਸਾਲ 6 ਜਨਵਰੀ ਨੂੰ ਸੁਣਵਾਈ ਲਈ ਪਰਤਣ ਦੀ ਸਹਿਮਤੀ ਬਣੀ| ਸੁਣਵਾਈ ਦੌਰਾਨ ਗਰੇਵਾਲ ਦੇ ਵਕੀਲ ਜ਼ੈਚਰੀ ਅਲ ਖਾਤਿਬ ਨੇ ਆਖਿਆ ਕਿ ਉਨ੍ਹਾਂ ਦੀ ਟੀਮ ਨੂੰ ਜਾਂਚਕਾਰਾਂ ਕੋਲੋਂ 10 ਗੀਗਾਬਾਈਟਜ਼ ਮੈਟੀਰੀਅਲ ਮਿਲਿਆ ਹੈ| ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਕ੍ਰਾਊਨ ਕੋਲੋਂ ਹੋਰ ਸਬੂਤਾਂ ਦੀ ਮੰਗ ਕੀਤੀ ਗਈ ਹੈ|
ਜ਼ਿਕਰਯੋਗ ਹੈ ਕਿ ਆਰਸੀਐਮਪੀ ਨੇ ਇੱਕ ਮਹੀਨੇ ਪਹਿਲਾਂ ਬ੍ਰੀਚ ਆਫ ਟਰਸਟ ਦੇ ਚਾਰ ਮਾਮਲਿਆਂ ਤੇ ਸਾਬਕਾ ਐਮਪੀ ਦੇ ਹਾਊਸ ਆਫ ਕਾਮਨਜ਼ ਵਿੱਚ ਰਹਿੰਦਿਆਂ 5000 ਡਾਲਰ ਤੋਂ ਵੱਧ ਦੇ ਫਰਾਡ ਦੇ ਮਾਮਲੇ ਵਿੱਚ ਗਰੇਵਾਲ ਨੂੰ ਚਾਰਜ ਕੀਤਾ ਸੀ| ਮਾਊਂਟੀਜ਼ ਨੇ ਦੋਸ਼ ਲਾਇਆ ਸੀ ਕਿ ਗਰੇਵਾਲ ਨੇ ਕਈ ਮਿਲੀਅਨ ਡਾਲਰ ਦੇ ਨਿਜੀ ਲੋਨਜ਼ ਲਈ ਆਪਣੇ ਸਿਆਸੀ ਰਸੂਖ ਦੀ ਵਰਤੋਂ ਕੀਤੀ ਤੇ ਇਨ੍ਹਾਂ ਲੋਨਜ਼ ਬਾਰੇ ਐਥਿਕਸ ਕਮਿਸ਼ਨਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ|
ਜਾਂਚਕਾਰਾਂ ਨੇ ਇਹ ਦੋਸ਼ ਵੀ ਲਾਇਆ ਕਿ ਗਰੇਵਾਲ ਨੇ ਆਪਣੇ ਨਿਜੀ ਫਾਇਦੇ ਲਈ ਟੈਕਸਦਾਤਾਵਾਂ ਵੱਲੋਂ ਹਾਸਲ ਫੰਡਾਂ ਵਾਲੇ ਕੌਂਸਟੀਚੁਐਂਸੀ ਆਫਿਸ ਬਜਟ ਦੀ ਵਰਤੋਂ ਵੀ ਕੀਤੀ| ਪਰ ਇਨ੍ਹਾਂ ਸਾਰੇ ਦੋਸ਼ਾਂ ਤੋਂ ਗਰੇਵਾਲ ਵੱਲੋਂ ਇਨਕਾਰ ਕੀਤਾ ਗਿਆ| ਉਨ੍ਹਾਂ 2018 ਵਿੱਚ ਲਿਬਰਲ ਕਾਕਸ ਛੱਡ ਦਿੱਤਾ| ਇਸ ਦਾ ਕਾਰਨ ਉਨ੍ਹਾਂ ਨਿਜੀ ਦੱਸਿਆ| ਪਿਛਲੇ ਸਾਲ ਹੋਈਆਂ ਫੈਡਰਲ ਚੋਣਾਂ ਵਿੱਚ ਵੀ ਉਹ ਦੁਬਾਰਾ ਖੜ੍ਹੇ ਨਹੀਂ ਹੋਏ|

Leave a Reply

Your email address will not be published.