ਕੋਰੋਨਾ ਦੀ ਮਾਰ ਕੁਝ ਘਟਣ ਲੱਗੀ ਹੈ, ਪਰ ਇਸ ਤੋਂ ਚੌਕਸੀ ਸਭ ਨੂੰ ਰੱਖਣੀ ਪਵੇਗੀ

ਇਸ ਵਿੱਚ ਬਿਨਾਂ ਸ਼ੱਕ ਕੋਈ ਓਹਲਾ ਨਹੀਂ ਕਿ ਭਾਰਤ ਵਿੱਚ ਵੀ ਅਤੇ ਸੰਸਾਰ ਭਰ ਵਿੱਚ ਵੀ ਕੋਰੋਨਾ ਵਾਇਰਸ ਦੇ ਨਾਲ ਮੌਤਾਂ ਦਾ ਸਿਲਸਿਲਾ ਅਜੇ ਤੱਕ ਚੱਲ ਰਿਹਾ ਹੈ। ਕੇਸ ਵੀ ਪਹਿਲਾਂ ਨਾਲੋਂ ਵਧ ਰਹੇ ਹਨ। ਫਿਰ ਵੀ ਇਹ ਗੱਲ ਮੰਨਣੀ ਬਣਦੀ ਹੈ ਕਿ ਵਕਤ ਮੋੜਾ ਕੱਟਦਾ ਪਿਆ ਹੈ ਤੇ ਇਸ ਮਹਾਮਾਰੀ ਦੀ ਮਾਰ ਪਹਿਲਾਂ ਜਿੰਨੀ ਨਹੀਂ ਰਹਿ ਗਈ ਤੇ ਇਨਸਾਨ ਨੂੰ ਇਸ ਦੇ ਨਾਲੋ-ਨਾਲ ਜਿਊਣ ਦੀ ਜਾਚ ਵੀ ਹੌਲੀ-ਹੌਲੀ ਆਉਣ ਲੱਗ ਪਈ ਹੈ। ਜਿਹੜੇ ਲੋਕ ਪਹਿਲਾਂ ਮੂੰਹ ਉੱਤੇ ਮਾਸਕ ਪਾਉਣ ਨੂੰ ਜਾਂ ਤਾਂ ਤਿਆਰ ਨਹੀਂ ਸੀ ਹੁੰਦੇ ਤੇ ਜਾਂ ਪਾਉਂਦੇ ਵੀ ਸਨ ਤਾਂ ਇੱਕ-ਦੂਸਰੇ ਦੇ ਮੱਥੇ ਲੱਗਣ ਵੇਲੇ ਫੋਕੀ ਸ਼ਰਮ ਤੋਂ ਖਹਿੜਾ ਨਹੀਂ ਸੀ ਛੁਡਾ ਸਕਦੇ ਅਤੇ ਐਵੇਂ ਹੀ-ਹੀ-ਹੀ-ਹੀ ਕਰੀ ਜਾਂਦੇ ਹੁੰਦੇ ਸਨ, ਉਹ ਮਾਸਕ ਪਹਿਨਣ ਨੂੰ ਮਜਬੂਰੀ ਦੀ ਥਾਂ ਜ਼ਰੂਰਤ ਸਮਝਣ ਲੱਗੇ ਹਨ। ਅੱਜ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਅਦਾਰੇ ਵਿੱਚ ਜਾਓ ਤਾਂ ਓਥੇ ਸਾਰਾ ਸਟਾਫ ਵੀ ਮੂੰਹ ਉੱਤੇ ਮਾਸਕ ਬੰਨ੍ਹੀ ਬੈਠਾ ਮਿਲੇਗਾ ਤੇ ਕੰਮਾਂ ਲਈ ਆਏ ਲੋਕਾਂ ਵੀ ਮਾਸਕ ਪਾਏ ਹੋਣਗੇ। ਇਹੋ ਅਕਲ ਵਰਤਣ ਲਈ ਜਦੋਂ ਮਾਰਚ ਦੇ ਤੀਸਰੇ ਹਫਤੇ ਕਿਹਾ ਜਾਂਦਾ ਸੀ ਤਾਂ ਕੁਝ ਲੋਕ ਕੌੜ ਜਿਹੀ ਨਾਲ ਬੋਲਦੇ ਸਨ ਤੇ ਕੁਝ ਇਸ ਦਾ ਮਜ਼ਾਕ ਵੀ ਉਡਾਉਂਦੇ ਸਨ। ਮੌਤ ਦੀਆਂ ਨਿੱਤ ਦਿਨ ਮਿਲਦੀਆਂ ਖਬਰਾਂ ਨੇ ਲੋਕਾਂ ਨੂੰ ਕਾਫੀ ਅਕਲ ਦੇ ਦਿੱਤੀ ਹੈ।
ਹੌਸਲਾ ਵਧਾਉਣ ਵਾਲਾ ਦੂਸਰਾ ਪੱਖ ਇਹ ਹੈ ਕਿ ਮਹਾਮਾਰੀ ਦੀ ਮਾਰ ਮੋੜਾ ਕੱਟਦੀ ਪਈ ਹੈ। ਮਾਰਚ ਦੇ ਤੀਸਰੇ ਹਫਤੇ ਇਸ ਦੇ ਕੇਸਾਂ ਅਤੇ ਮੌਤਾਂ ਵਿੱਚ ਇੱਕਦਮ ਵਾਧਾ ਹੁੰਦਾ ਦਿਖਾਈ ਦੇਂਦਾ ਸੀ ਅਤੇ ਹਰ ਨਵਾਂ ਦਿਨ ਉਸ ਨਾਲੋਂ ਪਿਛਲੇ ਦਿਨ ਤੋਂ ਵੱਧ ਕੇਸਾਂ ਦੀ ਗਿਣਤੀ ਤੇ ਵੱਧ ਮੌਤਾਂ ਦੀ ਖਬਰ ਲੈ ਕੇ ਆਉਂਦਾ ਸੀ। ਅੱਜ ਹਰ ਨਵਾਂ ਦਿਨ ਇੱਕ ਦਿਨ ਪਹਿਲਾਂ ਨਾਲੋਂ ਕਦੇ-ਕਦਾਈਂ ਕੁਝ ਵੱਧ ਦੀ ਖਬਰ ਵੀ ਲੈ ਆਉਂਦਾ ਹੈ, ਪਰ ਮੋਟੇ ਤੌਰ ਉੱਤੇ ਮੌਤਾਂ ਦੀ ਗਿਣਤੀ ਘਟਣ ਲੱਗ ਪਈ ਹੈ ਤੇ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਕੁਝ ਵਧਦੀ ਜਾਂਦੀ ਹੈ। ਬਿਮਾਰੀ ਦੀ ਚੜ੍ਹਤ ਵੇਲੇ ਪੰਝੀ ਮਾਰਚ ਦੇ ਦਿਨ ਸੰਸਾਰ ਵਿੱਚ ਪੰਝੀ ਸੌ ਤੋਂ ਕੁਝ ਉੱਪਰ ਮੌਤਾਂ ਹੋਈਆਂ ਸਨ, ਅਪਰੈਲ ਦੀ ਚਾਰ ਤਰੀਕ ਤੱਕ ਛੇ ਹਜ਼ਾਰ ਨੂੰ ਪਹੁੰਚਣ ਲੱਗ ਪਈਆਂ ਤੇ ਪੰਦਰਾਂ ਅਪਰੈਲ ਨੂੰ ਰੋਜ਼ਾਨਾ ਮੌਤਾਂ ਦਾ ਅੰਕੜਾ ਅੱਠ ਹਜ਼ਾਰ ਟੱਪ ਗਿਆ ਸੀ। ਅੱਜ ਇਹ ਸਥਿਤੀ ਨਹੀਂ, ਸਗੋਂ ਰੋਜ਼ਾਨਾ ਮੌਤਾਂ ਦਾ ਅੰਕੜਾ ਲਗਾਤਾਰ ਘਟ ਰਿਹਾ ਹੈ। ਸਤਾਈ ਮਈ ਨੂੰ ਤਿਰਵੰਜਾ ਸੌ ਤੋਂ ਵੱਧ ਮੌਤਾਂ ਹੋਈਆਂ ਸਨ, ਦੋ ਦਿਨ ਬਾਅਦ ਉਨੱਤੀ ਮਈ ਨੂੰ ਉਨੰਜਾ ਸੌ ਹੋਈਆਂ ਅਤੇ ਹੋਰ ਦੋ ਦਿਨ ਬਾਅਦ ਇਕੱਤੀ ਮਈ ਨੂੰ ਬੱਤੀ ਸੌ ਤੋਂ ਘਟਣ ਦੀ ਸੁਖਾਵੀਂ ਖਬਰ ਆ ਗਈ। ਫਿਰ ਇੱਕ ਮਈ ਵਾਲੇ ਦਿਨ ਇਕੱਤੀ ਸੌ ਤੋਂ ਘੱਟ ਮੌਤਾਂ ਹੋਈਆਂ ਹਨ। ਛੇ ਮਈ ਤੋਂ ਬਾਅਦ ਦੇ ਸਤਾਈ ਦਿਨਾਂ ਵਿੱਚ ਇੱਕ ਵਾਰ ਵੀ ਮੌਤਾਂ ਦੀ ਗਿਣਤੀ ਛੇ ਹਜ਼ਾਰ ਤੋਂ ਨਹੀਂ ਟੱਪੀ ਤੇ ਬਾਈ ਮਈ ਤੋਂ ਬਾਅਦ ਦੇ ਬਾਰਾਂ ਦਿਨਾਂ ਦੌਰਾਨ ਪੰਜ ਹਜ਼ਾਰ ਤੋਂ ਹੇਠਾਂ ਹੀ ਰਹਿੰਦੀ ਰਹੀ ਹੈ। ਇਹ ਇਸ ਵਿੱਚ ਮੋੜੇ ਦੇ ਸਾਫ ਸੰਕੇਤ ਹਨ।
ਭਾਰਤ ਇਸ ਪੱਖੋਂ ਕੁਝ ਵੱਧ ਤਸੱਲੀ ਕਰ ਸਕਦਾ ਹੈ। ਏਥੇ ਮਰੀਜ਼ਾਂ ਦੇ ਠੀਕ ਹੋਣ ਦੀ ਫੀਸਦੀ ਵਧੀ ਜਾਂਦੀ ਹੈ ਤੇ ਮੌਤਾਂ ਹੋਣ ਦੀ ਫੀਸਦੀ ਘਟੀ ਜਾਂਦੀ ਹੈ। ਇਸ ਵਕਤ ਸਿਰਫ ਮਹਾਰਾਸ਼ਟਰ ਵਿੱਚ ਹਾਲਾਤ ਖਰਾਬ ਹਨ, ਜਿੱਥੇ ਅਸਲ ਵਿੱਚ ਰਾਜਨੀਤਕ ਖਿੱਚੋਤਾਣ ਨੇ ਵੀ ਕਾਫੀ ਵਿਗਾੜ ਪਾਇਆ ਹੈ। ਗੁਜਰਾਤ ਵਿੱਚ ਕੋਈ ਰਾਜਨੀਤਕ ਖਿੱਚੋਤਾਣ ਨਹੀਂ, ਪਰ ਉਸ ਰਾਜ ਵਿੱਚ ਬਿਮਾਰੀ ਪਿੱਛੋਂ ਸ਼ੁਰੂ ਹੋਈ ਤੇ ਫਿਰ ਇੱਕ ਹਜ਼ਾਰ ਮੌਤਾਂ ਤੱਕ ਏਨੀ ਤਿੱਖੀ ਰਫਤਾਰ ਵੇਖੀ ਗਈ ਸੀ ਕਿ ਉਸ ਨੇ ਕੇਂਦਰ ਸਰਕਾਰ ਤੱਕ ਚਿੰਤਾ ਲਾ ਛੱਡੀ ਹੈ। ਮੱਧ ਪ੍ਰਦੇਸ਼ ਵਿੱਚ ਪਹਿਲਾਂ ਬਿਮਾਰੀ ਤੇਜ਼ੀ ਨਾਲ ਵਧਦੀ ਗਈ ਤੇ ਫਿਰ ਇਸ ਨੂੰ ਨੂੰ ਕੁਝ ਠੱਲ੍ਹ ਪੈਣ ਲੱਗੀ ਤਾਂ ਦਿੱਲੀ ਵਿੱਚ ਬਿਮਾਰੀ ਵਧਣ ਲੱਗ ਪਈ ਹੈ। ਦਿੱਲੀ ਵਿੱਚ ਪਹਿਲਾਂ ਓਦੋਂ ਵੇਲੇ ਬੜੀ ਵਧੀ ਸੀ, ਜਦੋਂ ਓਥੇ ਤਬਲੀਗੀ ਮਰਕਜ਼ ਵਾਲਿਆਂ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਮਜਮਾ ਲਾਈ ਰੱਖਿਆ ਸੀ ਤੇ ਇਸ ਨਾਲ ਸਾਰੇ ਦੇਸ਼ ਵਿੱਚ ਚਿੰਤਾ ਦੀ ਲਹਿਰ ਫੈਲ ਗਈ ਸੀ। ਉਸ ਦੇ ਬਾਅਦ ਠੱਲ੍ਹ ਪੈ ਗਈ। ਇਸ ਹਫਤੇ ਜਦੋਂ ਇੱਕਦਮ ਫਿਰ ਦਿੱਲੀ ਵਿੱਚ ਇਸ ਬਿਮਾਰੀ ਦੀ ਮਾਰ ਵਧਣੀ ਸ਼ੁਰੂ ਹੋਈ ਤਾਂ ਸਿਆਸੀ ਖਿੱਚੋਤਾਣ ਵੀ ਚੱਲ ਪਈ। ਗਵਾਂਢ ਵਿੱਚ ਦੋ ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੇ ਇਹ ਦੋਸ਼ ਲਾ ਦਿੱਤਾ ਕਿ ਦਿੱਲੀ ਸੰਭਾਲੀ ਨਹੀਂ ਜਾਂਦੀ ਅਤੇ ਸਾਡੇ ਰਾਜਾਂ ਵਿੱਚ ਓਥੋਂ ਇਨਫੈਕਸ਼ਨ ਆ ਰਹੀ ਹੈ। ਦੋਵਾਂ ਨੇ ਦਿੱਲੀ ਵਾਲੇ ਬਾਰਡਰ ਸੀਲ ਕਰਨ ਦਾ ਐਲਾਨ ਕੀਤਾ ਤਾਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਵੱਲੋਂ ਦੋਵਾਂ ਰਾਜਾਂ ਨਾਲ ਲੱਗਦੇ ਬਾਰਡਰ ਅਗਲੇ ਸੱਤ ਦਿਨਾਂ ਲਈ ਸੀਲ ਕਰਨ ਦਾ ਐਲਾਨ ਕਰ ਦਿੱਤਾ। ਇਸ ਪਿੱਛੋਂ ਉਲਟਾ ਰੰਗ ਵੇਖਿਆ ਗਿਆ। ਜਿਹੜੇ ਦੋ ਰਾਜ ਪਹਿਲਾਂ ਦਿੱਲੀ ਦੇ ਬਾਰਡਰ ਨੂੰ ਸੀਲ ਕਰਨ ਦੀਆਂ ਗੱਲਾਂ ਕਰਦੇ ਸਨ, ਉਹ ਫਿਰ ਦਿੱਲੀ ਵਾਲੇ ਬਾਰਡਰ ਖੋਲ੍ਹਣ ਦੇ ਸੰਕੇਤ ਦੇਣ ਲੱਗੇ ਤੇ ਕੇਂਦਰੀ ਸਰਕਾਰ ਵੀ ਉਸ ਕਿਸਮ ਦੇ ਸੰਕੇਤਾਂ ਨਾਲ ਸੁਰ ਮਿਲਾਉਣ ਲੱਗ ਪਈ। ਇਸ ਨਾਲ ਇਹ ਗੱਲ ਸਾਫ ਹੋ ਗਈ ਕਿ ਮਹਾਮਾਰੀ ਦੇ ਦੌਰ ਵਿੱਚ ਵੀ ਰਾਜਨੀਤੀ ਖਹਿੜਾ ਨਹੀਂ ਛੱਡ ਰਹੀ ਅਤੇ ਇਸ ਨਾਲ ਹੁੰਦੇ ਨੁਕਸਾਨ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ।
ਉਂਝ ਇਸ ਵਕਤ ਤੱਕ ਸੰਸਾਰ ਭਰ ਵਿੱਚ ਇਹ ਗੱਲ ਲਗਭਗ ਪ੍ਰਵਾਨ ਕੀਤੀ ਜਾ ਚੁੱਕੀ ਹੈ ਕਿ ਕੋਈ ਦਵਾਈ ਬਣੇ ਜਾਂ ਨਾ, ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਖਤਮ ਨਹੀਂ ਹੋਣਾ ਤੇ ਮਨੁੱਖਤਾ ਵੀ ਅੱਜ ਵਾਂਗ ਘਰਾਂ ਵਿੱਚ ਬਿਠਾ ਕੇ ਨਹੀਂ ਰੱਖੀ ਜਾ ਸਕਦੀ। ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਾਲ-ਨਾਲ ਜਿਊਣ ਦਾ ਵੱਲ ਸਿੱਖਣਾ ਪੈਣਾ ਹੈ। ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਅੱਜ ਹਰ ਕੋਈ ਮੂੰਹ ਉੱਤੇ ਪੱਟੀ ਵਰਗਾ ਮਾਸਕ ਬੰਨ੍ਹੀ ਫਿਰਦਾ ਹੈ ਤੇ ਇਹ ਸਮਝਿਆ ਜਾਣ ਲੱਗਾ ਹੈ ਕਿ ਇਸ ਤੋਂ ਬਿਨਾ ਗੁਜ਼ਾਰਾ ਨਹੀਂ, ਉਹ ਗੱਲ ਇਸ ਵੇਲੇ ਦੁਨੀਆ ਭਰ ਦੇ ਲੋਕਾਂ ਨੂੰ ਸਮਝ ਪੈ ਚੁੱਕੀ ਹੈ। ਅਗਲੇ ਸਮੇਂ ਵਿੱਚ ਸੰਸਾਰ ਦੀ ਦਿੱਖ ਅਸਲੋਂ ਬਦਲੀ ਹੋਈ ਦਿਖਾਈ ਦੇਣ ਵਾਲੀ ਹੈ। ਬੱਸਾਂ ਵਿੱਚ ਦੋ ਮੁਸਾਫਰਾਂ ਦੇ ਵਿਚਲੀ ਸੀਟ ਖਾਲੀ ਰੱਖਣ ਤੋਂ ਹਵਾਈ ਜਹਾਜ਼ਾਂ ਵਿੱਚ ਵੀ ਦੋਂਹ ਜਣਿਆਂ ਵਿਚਾਲੇ ਇੱਕ ਸੀਟ ਅਣਵਰਤੀ ਰੱਖਣ ਦੇ ਫੈਸਲੇ ਹੋਣ ਲੱਗ ਪਏ ਹਨ, ਜਿਸ ਨਾਲ ਖਾਲੀ ਸੀਟਾਂ ਦਾ ਖਰਚਾ ਵੀ ਨਾਲ ਦੀਆਂ ਸੀਟਾਂ ਉੱਤੇ ਬੈਠੇ ਮੁਸਾਫਰਾਂ ਦੇ ਸਿਰ ਪੈਣ ਲੱਗਣਾ ਹੈ। ਤੇਲ ਕੰਪਨੀਆ ਦੇ ਮਾਲਕਾਂ ਇਹ ਵੇਖਿਆ ਕਿ ਅੱਗੇ ਵਾਂਗ ਕਾਰਾਂ-ਬੱਸਾਂ ਨਹੀਂ ਚੱਲਣੀਆਂ ਤੇ ਪਹਿਲਾਂ ਜਿੰਨਾ ਤੇਲ ਵਿਕਣਾ ਨਹੀਂ ਤਾਂ ਉਨ੍ਹਾਂ ਨੇ ਆਪਣੇ ਖਰਚੇ ਪੂਰੇ ਕਰਨ ਲਈ ਥੋੜ੍ਹਾ ਤੇਲ ਵੇਚ ਕੇ ਵੱਧ ਪੈਸੇ ਕਮਾਉਣ ਲਈ ਮੁੱਢ ਬੰਨ੍ਹ ਦਿੱਤਾ ਹੈ। ਜਹਾਜ਼ਾਂ ਦੇ ਤੇਲ ਲਈ ਜਿੰਨਾ ਭਾਅ ਪਹਿਲਾਂ ਚੱਲਦਾ ਹੁੰਦਾ ਸੀ, ਇਸ ਹਫਤੇ ਉਹ ਵਧਾ ਦਿੱਤਾ ਗਿਆ ਹੈ ਤੇ ਅੱਗੋਂ ਹੋਰ ਵਧਾਇਆ ਜਾ ਸਕਦਾ ਹੈ ਤੇ ਇਸ ਦੇ ਅਸਰ ਹੇਠ ਮੁਸਾਫਰਾਂ ਦੀ ਜੇਬ ਵਿੱਚੋਂ ਹੋਰ ਪੈਸੇ ਕੱਢੇ ਜਾਣ ਦਾ ਰਸਤਾ ਸਾਫ ਹੋ ਗਿਆ ਹੈ।
ਇਹ ਸਾਰਾ ਕੁਝ ਸਾਨੂੰ ਹਰ ਖੇਤਰ ਵਿੱਚ ਹੁੰਦਾ ਵੇਖਣਾ ਅਤੇ ਹੰਢਾਉਣਾ ਪੈਣਾ ਹੈ। ਮੁਸ਼ਕਲਾਂ ਇਸ ਨਾਲ ਬਹੁਤ ਵਧ ਜਾਣਗੀਆਂ, ਪਰ ਇਹ ਤਸੱਲੀ ਅਸੀਂ ਕਰ ਸਕਦੇ ਹਾਂ ਕਿ ਜਿਵੇਂ ਪਹਿਲਾਂ ਮੌਤਾਂ ਦੀ ਲੜੀ ਟੁੱਟਦੀ ਨਹੀਂ ਸੀ, ਉਨ੍ਹਾਂ ਹਾਲਾਤ ਵਿੱਚੋਂ ਦੁਨੀਆ ਬਾਹਰ ਆ ਜਾਣੀ ਹੈ। ਪੰਜਾਬੀ ਦਾ ਅਖਾਣ ਹੈ ਕਿ ‘ਜਾਨ ਹੈ ਤਾਂ ਜਹਾਨ ਹੈ’। ਇਹੋ ਗੱਲ ਸਾਨੂੰ ਸਭ ਨੂੰ ਪੱਲੇ ਬੰਨ੍ਹਣੀ ਪੈਣੀ ਹੈ ਕਿ ਜੇ ਜਾਨ ਬਚਾਉਣੀ ਹੈ ਤਾਂ ਖਰਚੇ ਸਮੇਤ ਹੋਰ ਜੋ ਵੀ ਕਰਨਾ ਪਿਆ, ਉਹ ਕਰਨਾ ਹੀ ਪੈਣਾ ਹੈ।

 

ਜਤਿੰਦਰ ਪਨੂੰ