ਹੁਸ਼ਿਆਰਪੁਰ ਪੁੱਜੇ ਅਸ਼ਵਨੀ ਤੇ ਸੋਮ ਪ੍ਰਕਾਸ਼ ਦਾ ਵਿਰੋਧ

ਹੁਸ਼ਿਆਰਪੁਰ, 7 ਅਕਤੂਬਰ :ਇਥੋਂ ਦੇ ਇੱਕ ਹੋਟਲ ਵਿੱਚ ਕਿਸਾਨ ਮਸਲਿਆਂ ’ਤੇ ਰੱਖੀ ਪ੍ਰੈੱਸ ਕਾਨਫਰੰਸ ਲਈ ਆਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਕਿਸਾਨ ਜਥੇਬੰਦੀਆਂ, ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਅਤੇ ਬੇਗਮਪੁਰਾ ਟਾਈਗਰ ਫ਼ੋਰਸ ਦੇ ਨੁਮਾਇੰਦਿਆਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਟਾਂਡਾ ਚੌਕ ਵਿੱਚ ਪੁਲੀਸ ਦੀਆਂ ਲਾਈਆਂ ਰੋਕਾਂ ਦੇ ਬਾਵਜੂਦ ਇਹ ਵਰਕਰ ਸਬੰਧਤ ਹੋਟਲ ਦੇ ਗੇਟ ਤੱਕ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਮੋਦੀ ਸਰਕਾਰ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਰੋਸ ਮੁਜ਼ਾਹਰੇ ਕਾਰਨ ਭਾਜਪਾ ਆਗੂ ਲਗਪਗ ਇੱਕ ਘੰਟਾ ਦੇਰੀ ਨਾਲ ਪ੍ਰੈੱਸ ਕਾਨਫਰੰਸ ਵਿਚ ਪੁੱਜੇ, ਉਹ ਵੀ ਉਦੋਂ ਜਦੋਂ ਮੁਜ਼ਾਹਰਾਕਾਰੀ ਪੁਲੀਸ ਦੇ ਦਖ਼ਲ ਨਾਲ ਉੱਥੋਂ ਚਲੇ ਗਏ ਸਨ। ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਭਾਜਪਾ ਆਗੂ ਕਾਰਪੋਰੇਟਾਂ ਦਾ ਸਾਥ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਨਾ ਆਏ ਤਾਂ ਇਨ੍ਹਾਂ ਦਾ ਘਰਾਂ ’ਚੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ ਤੇ ਇਹ ਮੁਜ਼ਾਹਰੇ ਜਾਰੀ ਰਹਿਣਗੇ।

ਇਸ ਦੇ ਨਾਲ ਹੀ ਉਨ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਸੰਘਰਸ਼ ਵਿੱਢਣ ਐਲਾਨ ਕੀਤਾ।

ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੇਗੀ ਭਾਜਪਾ: ਸ਼ਰਮਾ

ਹੁਸ਼ਿਆਰਪੁਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਕੁਝ ਸੀਟਾਂ ਖੁਦ ਲੜਦੀ ਸੀ ਅਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਨੂੰ ਲੜਾਉਂਦੀ ਸੀ, ਪਰ ਹੁਣ ਸਾਰੀਆਂ ਸੀਟਾਂ ਆਪ ਲੜੇਗੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਬਣਾਉਣ ’ਚ ਭਾਜਪਾ ਦੀ ਵੱਡੀ ਭੂਮਿਕਾ ਸੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਆਖਿਆ ਕਿ ਅਕਾਲੀ ਦਲ ਦੇ ਵੱਖ ਹੋਣ ਨਾਲ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਿਸਾਨ ਛੇਤੀ ਹੀ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਵਾਲੇ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਸਹਿਮਤ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਭਾਜਪਾ ਨੇ ਕਿਸਾਨਾਂ ਦੇ ਖ਼ਦਸ਼ੇ ਦੂਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਸ਼ਵੇਤ ਮਲਿਕ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਅੰਮ੍ਰਿਤਸਰ : ਖੇਤੀਕਾਨੂੰਨ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਲਾਇਆ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਹਰਿਆਣਾ ਵਿੱਚ ਉਪ ਮੁਖ ਮੰਤਰੀ ਦੇ ਘਰ ਸਾਹਮਣੇ ਕਿਸਾਨਾਂ ’ਤੇ ਲਾਠੀਚਾਰਜ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਬਚਿਤਰ ਸਿੰਘ ਕੋਟਲਾ, ਨਿਰਵੈਲ ਸਿੰਘ ਡਾਲੇਕੇ ਤੇ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਇਹ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਮੰਡੀ ਦੇਣ ਲਈ ਬਣਾਏ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਮਨ ਚਾਹਿਆ ਲਾਭ ਮਿਲੇਗਾ ਅਤੇ ਕਿਸਾਨਾਂ ਦਾ ਸ਼ੋਸ਼ਣ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਮੰਨਿਆ ਜਾਵੇ।

Leave a Reply

Your email address will not be published.