ਭਾਰਤ ਵੱਲੋਂ ਜਾਪਾਨ ਤੇ ਆਸਟਰੇਲੀਆ ਨਾਲ ਰਣਨੀਤਕ ਵਾਰਤਾ

ਨਵੀਂ ਦਿੱਲੀ, 7 ਅਕਤੂਬਰ :ਚਾਰ ਮੈਂਬਰ ਮੁਲਕਾਂ ‘ਕੁਐਡ’ ਦੀ ਸਿਖਰ ਵਾਰਤਾ ਲਈ ਟੋਕੀਓ ਗਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਥੇ ਆਪਣੇ ਜਾਪਾਨੀ ਤੇ ਆਸਟਰੇਲਿਆਈ ਹਮਰੁਤਬਾਵਾਂ ਨਾਲ ਕੀਤੀਆਂ ਵੱਖੋ-ਵੱਖਰੀ ਮੀਟਿੰਗਾਂ ਦੌਰਾਨ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਭਾਰਤ ਤੇ ਜਾਪਾਨ ਨੇ 5ਜੀ ਤਕਨੀਕ, ਮਸਨੂਈ ਬੌਧਿਕਤਾ (ੲੇਆਈ) ਤੇ ਅਹਿਮ ਜਾਣਕਾਰੀ ਦੇ ਲੈਣ-ਦੇਣ ਨਾਲ ਸਬੰਧਤ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ। ਦੋਵਾਂ ਮੁਲਕਾਂ ਨੇ ਕਿਸੇ ਤੀਜੇ ਮੁਲਕ ਵਿੱਚ ਭਾਰਤ-ਜਾਪਾਨ ਸਹਿਯੋਗ ਵਧਾਉਣ ਸਮੇਤ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸਬੰਧਾਂ ਨੂੰ ਵਧੇਰੇ ਮੋਕਲਾ ਕਰਨ ’ਤੇ ਜ਼ੋਰ ਦਿੱਤਾ।

ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਨਾਲ ਕੀਤੀ ਸਿਖਰ ਵਾਰਤਾ ਦੌਰਾਨ ਭਾਰਤ ਤੇ ਜਾਪਾਨ ਨੇ ਦੁਵੱਲੇ ਸਬੰਧਾਂ ’ਤੇ ਧਿਆਨ ਕੇਂਦਰਤ ਕਰਨ ਦੇ ਨਾਲ ਸੰਯੁਕਤ ਰਾਸ਼ਟਰ ’ਚ ਸੁਧਾਰਾਂ ਬਾਰੇ ਵੀ ਗੱਲਬਾਤ ਕੀਤੀ। ਇਸ ਦੇ ਨਾਲ ਹਿੰਦ-ਪ੍ਰਸ਼ਾਂਤ ਖਿੱਤੇ ’ਚ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਮੈਨੂਫੈਕਚਰਿੰਗ, ਹੁਨਰ ਵਿਕਾਸ, ਬੁਨਿਆਦੀ ਢਾਂਚਾ, ਸੂਚਨਾ ਤੇ ਪ੍ਰਸਾਰਣ ਤਕਨਾਲੋਜੀ ਅਤੇ ਸਿਹਤ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਵਿਚਕਾਰ ਵਿਸ਼ੇਸ਼ ਭਾਈਵਾਲੀ ਕੋਵਿਡ ਤੋਂ ਬਾਅਦ ਦੇ ਹਾਲਾਤ ’ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਸਮਝਿਆ ਜਾ ਰਿਹਾ ਹੈ ਕਿ ਜੈਸ਼ੰਕਰ ਅਤੇ ਮੋਤੇਗੀ ਨੇ ਸਾਲਾਨਾ ਭਾਰਤ-ਜਾਪਾਨ ਸਿਖਰ ਸੰਮੇਲਨ ਦੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ ਹੈ। ਉਧਰ ਆਪਣੇ ਆਸਟਰੇਲਿਆਈ ਹਮਰੁਤਬਾ ਮਾਰਿਸ ਪੇਨ ਨਾਲ ਮੁਲਾਕਾਤ ਮਗਰੋਂ ਜੈਸ਼ੰਕਰ ਨੇ ਇਕ ਟਵੀਟ ’ਚ ਕਿਹਾ, ‘ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਹੋਈ ਵਰਚੁਅਲ ਮੀਟਿੰਗ ਉਪਰੰਤ ਮੇਰੇ ਚੰਗੇ ਦੋਸਤ ਨਾਲ ਹੋਈ ਮੁਲਾਕਾਤ ਕਾਫ਼ੀ ਨਿੱਘੀ ਰਹੀ।’
-ਪੀਟੀਆਈ

ਪੌਂਪੀਓ ਵੱਲੋਂ ਚੀਨ ਨੂੰ ਭੰਡਣ ਦਾ ਕਾਰਨ ਭਾਰਤ-ਚੀਨ ਤਲਖੀ

ਨਵੀਂ ਦਿੱਲੀ :ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਵੱਲੋਂ ਟੋਕੀਓ ਵਿੱਚ ਚਾਰ ਮੁਲਕੀ ਸਮੂਹ ‘ਕੁਐਡ’ ਦੀ ਮੀਟਿੰਗ ਦੌਰਾਨ ਚੀਨ ਨੂੰ ਲੰਮੇ ਹੱਥੀਂ ਲੈਣ ਪਿੱਛੇ ਇਕ ਕਾਰਨ ਪੂਰਬੀ ਲੱਦਾਖ ਵਿੱਚ ਭਾਰਤ-ਚੀਨ ਦਰਮਿਆਨ ਜਾਰੀ ਤਲਖੀ ਨੂੰ ਦੱਸਿਆ ਹੈ। ਪੌਂਪੀਓ ਨੇ ਮੰਗਲਵਾਰ ਨੂੰ ‘ਕੁਐਡ’ ਮੈਂਬਰ ਮੁਲਕਾਂ ਦੀ ਮੀਟਿੰਗ ਤੋਂ ਪਹਿਲਾਂ ਚੀਨ ਤੇ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਵਧੀਕੀ ਤੋਂ ਭ੍ਰਿਸ਼ਟਾਚਾਰ ਸਮੇਤ ਹੋਰ ਕਈ ਮੁੱਦਿਆਂ ’ਤੇ ਭੰਡਿਆ ਸੀ। ਕਾਬਿਲੇਗੌਰ ਹੈ ਕਿ ਕੁਐਡ ਮੈਂਬਰ ਮੁਲਕਾਂ ਦੇ ਮੰਤਰੀਆਂ ਦੀ ਮੀਟਿੰਗ ਦੌਰਾਨ ਪੌਂਪੀਓ ਨੂੰ ਛੱਡ ਕੇ ਭਾਰਤ, ਆਸਟਰੇਲੀਆ ਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਆਪਣੀ ਤਕਰੀਰ ’ਚ ਚੀਨ ਦੇ ਸਿੱਧੇ ਹਵਾਲੇ ਤੋਂ ਪ੍ਰਹੇਜ਼ ਹੀ ਕੀਤਾ।

Leave a Reply

Your email address will not be published. Required fields are marked *