ਰਾਸ਼ਟਰਪਤੀ ਚੋਣਾਂ: ਰੂਸੀ ਦਖ਼ਲ ਬਾਰੇ ਦਸਤਾਵੇਜ਼ ਜਨਤਕ ਹੋਣਗੇ

ਵਾਸ਼ਿੰਗਟਨ, 7 ਅਕਤੂਬਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਕਥਿਤ ਦਖ਼ਲ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ‘ਜਨਤਕ’ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਹਾਲਾਂਕਿ ਰੂਸ ਦੇ ਕਥਿਤ ਦਖ਼ਲ ਨੂੰ ਅਫ਼ਵਾਹ ਦੱਸਦੇ ਆੲੇ ਹਨ। ਇਸ ਦੌਰਾਨ ਜੋਅ ਬਾਇਡਨ ਨੇ ਟਰੰਪ ਦੇ ਕਰੋਨਾ ਤੋਂ ਸਿਹਤਯਾਬ ਹੋਣ ਤਕ 15 ਅਕਤੂਬਰ ਦੀ ਦੂਜੀ ਬਹਿਸ ਵਿੱਚ ਸ਼ਿਰਕਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਧਰ ਵ੍ਹਾਈਟ ਹਾਊਸ ਦਾ ਇਕ ਹੋਰ ਸਟਾਫ਼ ਮੈਂਬਰ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ।

ਰਾਸ਼ਟਰਪਤੀ ਟਰੰਪ ਨੇ ਇਕ ਟਵੀਟ ’ਚ ਕਿਹਾ, ‘ਮੈਂ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਸਿਆਸੀ ਅਪਰਾਧ, ‘ਦਿ ਰਸ਼ੀਆ ਹਾਕਸ’ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਹਿਲੇਰੀ ਕਲਿੰਟਨ ਈਮੇਲ ਘੁਟਾਲੇ ’ਚ ਦਿੱਤੇ ਸਨ। ਇਸ ਵਿੱਚ ਕੁਝ ਵੀ ਨਵਾਂ ਨਹੀਂ।’ ਉਂਜ ਅਮਰੀਕੀ ਸਦਰ ਦੇ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਕੌਮੀ ਇੰਟੈਲੀਜੈਂਸ ਦੇ ਡਾਇਰੈਕਟਰ ਨੇ ਇਨ੍ਹਾਂ ’ਚੋਂ ਕੁਝ ਦਸਤਾਵੇਜ਼ਾਂ ਨੂੰ ਪਹਿਲਾਂ ਹੀ ਜਨਤਕ ਕਰ ਦਿੱਤਾ ਸੀ। ਸਬੰਧਤ ਦਸਤਾਵੇਜ਼, ਹਾਊਸ ਤੇ ਸੈਨੇਟ ਇੰਟੈਲੀਜੈਂਸ ਕਮੇਟੀਆਂ ਨੂੰ ਤਬਦੀਲ ਕਰ ਦਿੱਤੇ ਗਏ ਹਨ। ਅਗਾਮੀ ਰਾਸ਼ਟਰਪਤੀ ਚੋਣਾਂ ਲਈ ਟਰੰਪ ਦੇ ਸੂਚਨਾ ਡਾਇਰੈਕਟਰ ਟਿਮ ਮੁਰਟਾਗ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਹਿਲੇਰੀ ਕਲਿੰਟਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਮੌਕੇ ਖੁ਼ਦ ਵੱਲੋਂ ਪ੍ਰਾਈਵੇਟ ਈਮੇਲ ਸਰਵਰ ਦੀ ਵਰਤੋਂ ਕਰਨ ਦੇ ਤੱਥ ਤੋਂ ਸਾਰਿਆਂ ਦਾ ਧਿਆਨ ਭਟਕਾਉਣ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਤਤਕਾਲੀਨ ਉਮੀਦਵਾਰ ਡੋਨਲਡ ਟਰੰਪ ਨੂੰ ਰੂਸ ਨਾਲ ਜੋੜਨ ਲਈ ਝੂਠ ਘੜਿਆ ਸੀ। ਮੁਰਟਾਗ ਨੇ ਕਿਹਾ, ‘ਅਸੀਂ ਇਹ ਵੀ ਜਾਣਦੇ ਹਾਂ ਕਿ ਸਾਬਕਾ ਸੀਆਈਏ ਡਾਇਰੈਕਟਰ ਜੌਹਨ ਬਰੈਨਨ ਨੇ ਅਮਰੀਕੀ ਸਦਰ ਬਰਾਕ ਓਬਾਮਾ ਨੂੰ ਇਸ ਪੂਰੀ ਘਟਨਾ ਤੋਂ ਜਾਣੂ ਕਰਵਾਇਆ ਸੀ। ਲਿਹਾਜ਼ਾ ਅਮਰੀਕੀ ਲੋਕਾਂ ਲਈ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਤਤਕਾਲੀਨ ਉਪ ਰਾਸ਼ਟਰਪਤੀ ਜੋਅ ਬਾਇਡਨ ਇਸ ਸਾਜ਼ਿਸ਼ ਬਾਰੇ ਕੀ ਜਾਣਦੇ ਹਨ ਤੇ ਉਨ੍ਹਾਂ ਨੂੰ ਇਸ ਬਾਰੇ ਕਦੋਂ ਪਤਾ ਲੱਗਾ।’ ਉਧਰ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਵੱਲੋਂ ਉਮੀਦਵਾਰ ਜੋਅ ਬਾਇਡਨ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਡੋਨਲਡ ਟਰੰਪ ਕਰੋਨਾ ਮੁਕਤ ਨਹੀਂ ਹੁੰਦੇ, ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨਾਲ ਹੋਣ ਵਾਲੀ ਦੂਜੀ ਬਹਿਸ ਵਿੱਚ ਸ਼ਿਰਕਤ ਨਹੀਂ ਕਰਨਗੇ। ਟਰੰਪ ਤੇ ਬਾਇਡਨ ਦਰਮਿਆਨ ਦੂਜੀ ਬਹਿਸ 15 ਅਕਤੂਬਰ ਨੂੰ ਮਿਆਮੀ ਵਿੱਚ ਹੋਣੀ ਹੈ। ਇਸ ਦੌਰਾਨ ਅਮਰੀਕੀ ਸਦਰ ਡੋਨਲਡ ਟਰੰਪ ਨੇੜਲਾ ਇਕ ਹੋਰ ਸੀਨੀਅਰ ਅਧਿਕਾਰੀ ਸਟੀਫ਼ਨ ਮਿੱਲਰ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ। ਕਰੋਨਾਵਾਇਰਸ ਦੀ ਜ਼ੱਦ ਵਿੱਚ ਆਉਣ ਵਾਲੇ ਵ੍ਹਾਈਟ ਹਾਊਸ ਦੇ ਸਟਾਫ਼ ਮੈਂਬਰਾਂ ਦੀ ਗਿਣਤੀ ਦਸ ਹੋ ਗਈ ਹੈ।

Leave a Reply

Your email address will not be published.