ਫ਼ਾਜ਼ਿਲਕਾ ਵਿੱਚ ਪੀਐੱਸਯੂ ਨੇ ਸਾਬਕਾ ਮੰਤਰੀ ਜਿਆਣੀ ਦਾ ਦਫ਼ਤਰ ਘੇਰਿਆ, ਜੰਡਿਆਲਾ ਵਿੱਚ ਹਾਥਰਸ ਕਾਂਡ ਖ਼ਿਲਾਫ਼ ਰੈਲੀ
ਫਾਜ਼ਿਲਕਾ, 8 ਅਕਤੂਬਰ :ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ’ਤੇ ਖੇਤੀ ਕਾਨੂੰਨਾਂ , ਬਿਜਲੀ ਸੋਧ ਬਿਲ 2020 ਅਤੇ ਕਿਰਤ ਕਾਨੂੰਨਾਂ ਖ਼ਿਲਾਫ਼ ਪ੍ਰਤਾਪ ਬਾਗ਼ ਫਾਜ਼ਿਲਕਾ ਤੋਂ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਫਾਜ਼ਿਲਕਾ ਸਥਿਤ ਦਫ਼ਤਰ ਤੱਕ ਮੁਜ਼ਾਹਰਾ ਕਰਕੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਅਤੇ ਇਲਾਕਾ ਪ੍ਰਧਾਨ ਸੁਲਤਾਨ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਤਾਨਾਸ਼ਾਹੀ ਨਾਲ ਲੋਕ ਵਿਰੋਧੀ ਨੀਤੀਆਂ ਬਣਾ ਕੇ ਆਪਣਾ ਕਾਰਪੋਰੇਟ ਪੱਖੀ ਚਿਹਰਾ ਨੰਗਾ ਕਰਦੀ ਜਾ ਰਹੀ ਹੈ। ਨੌਨਿਹਾਲ ਸਿੰਘ , ਪ੍ਰਤਾਪ ਸਿੰਘ ਅਤੇ ਬਿਮਲਾ ਰਾਣੀ ਨੇ ਘਿਰਾਓ ਤੋਂ ਬਾਅਦ ਐਲਾਨ ਕੀਤਾ ਕਿ ਜੋ ਕਿਸਾਨੀ ਦਾ ਘੋਲ ਚੱਲ ਰਿਹਾ ਹੈ ਉਸ ਵਿੱਚ ਲਗਾਤਾਰ ਸ਼ਮੂਲੀਅਤ ਕੀਤੀ ਜਾਵੇਗੀ। ਇਸ ਘਿਰਾਓ ਵਿੱਚ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਪ੍ਰੀਤ ਝਬੇਲਵਾਲੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਸੁਨੀਲ ਕੁਮਾਰ , ਮਹਿੰਦਰ ਕੌੜਿਆਂਵਾਲੀ ਅਤੇ ਵਰਿੰਦਰ ਲਾਧੂਕਾ ਨੇ ਵੀ ਸ਼ਮੂਲੀਅਤ ਕਰਕੇ ਸੰਬੋਧਨ ਕੀਤਾ। ਇਸ ਮੌਕੇ ਲਖਵੰਤ ਸਿੰਘ, ਕਮਲਜੀਤ ਸਿੰਘ, ਗੁਰਸੇਵਕ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਲਵਪ੍ਰੀਤ ਸਿੰਘ, ਸੁਖਦੇਵ ਸਿੰਘ, ਨਗਿੰਦਰ ਆਜ਼ਾਦ, ਬਲਵੀਰ ਘੁਰਕਾ ਆਗੂ ਹਾਜ਼ਰ ਸਨ।
ਜੰਡਿਆਲਾ ਗੁਰੂ :ਯੂਪੀ ਦੇ ਹਾਥਰਸ ਵਿਖੇ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਮਗਰੋਂ ਉਸਦੀ ਹੱਤਿਆ ਕਰਨ ਅਤੇ ਪੈਟਰੋਲ ਛਿੜਕ ਕੇ ਉਸ ਦਾ ਜਬਰਦਸਤੀ ਸਸਕਾਰ ਕਰਨ ਵਿਰੁੱਧ ਅੱਜ ਇਲਾਕੇ ਦੇ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਯੂਪੀ ਵਿੱਚ ਸੱਤਾਧਾਰੀ ਭਾਜਪਾ ਦੀ ਗੁੰਡਾਗਰਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ। ਪੰਜਾਬ ਸਟੂਡੈਂਟਸ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਕਿਹਾ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਖਿਲਾਫ ਅਪਰਾਧਿਕ ਘਟਨਾਵਾਂ ਵਿੱਚ ਹੋਰ ਵੀ ਤੇਜੀ ਨਾਲ ਵਾਧਾ ਹੋਇਆ ਹੈ। ਇਸ ਮੌਕੇ ਵਿਦਿਆਰਥੀ ਆਗੂ ਰਵਿੰਦਰ ਸਿੰਘ, ਅਮਰਿੰਦਰ ਸਿੰਘ, ਨੀਰਜ, ਅਨੁਹਾਰ ਕੌਰ, ਤਜਿੰਦਰ ਪਲਵਾ, ਸੰਦੀਪ ਕੌਰ, ਪਰਨੀਤ ਕੌਰ, ਅੰਮਿ੍ਰਤਪਾਲ ਸਿੰਘ, ਅਮੀਰ ਸਿੰਘ, ਬਲਰਾਜ ਸਿੰਘ ਜੱਬੋਵਾਲ, ਸੰਜੀਵ ਸਿੰਘ, ਗਲੈਕਸੀ ਸ਼ਾਮਲ ਸਨ।