ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੀ ‘ਆਪ’ ਲੀਡਰਸ਼ਿਪ ਪੁਲੀਸ ਨੇ ਘੇਰੀ

ਐੱਸਏਐੱਸ ਨਗਰ (ਮੁਹਾਲੀ), 8 ਅਕਤੂਬਰ                                          

ਆਮ ਆਦਮੀ ਪਾਰਟੀ (ਆਪ) ਵੱਲੋਂ ਵਜ਼ੀਫ਼ਾ ਘੁਟਾਲਾ ਅਤੇ ਖੇਤੀ ਕਾਨੂੰਨਾਂ ਬਾਰੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਨਾ ਸੱਦਣ ਖ਼ਿਲਾਫ਼ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਯਤਨ ਕੀਤਾ। ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕੀਤਾ। ਆਪ ਵਿਧਾਇਕ ਅਤੇ ਮੁਹਾਲੀ ਜ਼ਿਲ੍ਹੇ ਦੇ ਆਗੂ ਅਤੇ ਵਾਲੰਟੀਅਰ ਅੱਜ ਸਵੇਰੇ 11 ਵਜੇ ਹੀ ਬਲਾਕ ਮਾਜਰੀ ਅਧੀਨ ਆਉਂਦੇ ਮਾਜਰਾ ਟੀ-ਪੁਆਇੰਟ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ 12 ਵਜੇ ਆਪ ਵਾਲੰਟੀਅਰਾਂ ਦੀ ਵੱਡੀ ਭੀੜ ਵੱਧ ਗਈ। ਇਸ ਦੌਰਾਨ ਜਿਵੇਂ ਹੀ ਸ੍ਰੀ ਚੀਮਾ ਦੀ ਅਗਵਾਈ ਹੇਠ ਆਪ ਵਿਧਾਇਕਾਂ, ਸਥਾਨਕ ਆਗੂਆਂ ਅਤੇ ਵਾਲੰਟੀਅਰਾਂ ਨੇ ਸਿਸਵਾਂ ਦੀਆਂ ਪਹਾੜੀਆਂ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਕੂਚ ਕੀਤਾ ਤਾਂ ਪੁਲੀਸ ਨੇ ਬੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਜਿਸ ਕਾਰਨ ਉਹ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਇਹ ਸਿਲਸਿਲਾ ਘੰਟਾ ਜਾਰੀ ਰਿਹਾ।

ਇਸ ਦੌਰਾਨ ਪੁਲੀਸ ਨੇ ਆਪ ਆਗੂ ਹਰਪਾਲ ਸਿੰਘ ਚੀਮਾ ਸਮੇਤ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ, ਆਪ ਵਿਧਾਇਕ ਕੁਲਤਾਰ ਸਿੰਘ ਸੰਧੂਆਂ, ਰੁਪਿੰਦਰ ਕੌਰ ਰੂਬੀ, ਮੀਤ ਮੇਅਰ, ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਸਰਬਜੀਤ ਕੌਰ, ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ, ਵਿਨੀਤ ਵਰਮਾ, ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਹਰਜੀਤ ਸਿੰਘ ਬੰਟੀ, ਜਗਦੇਵ ਸਿੰਘ ਮਲੋਆ, ਅਤੇ ਹੋਰਨਾਂ ਵਾਲੰਟੀਅਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਇਨ੍ਹਾਂ ਸਾਰੇ ਆਗੂਆਂ ਨੂੰ ਖਰੜ ਦੇ ਐੱਸਡੀਐੱਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐੱਸਡੀਐੱਮ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ।

Leave a Reply

Your email address will not be published. Required fields are marked *