ਹਾਥਰਸ ਕਾਂਡ: ਪੀੜਤ ਪਰਿਵਾਰ ਸੋਮਵਾਰ ਨੂੰ ਸਖ਼ਤ ਸੁਰੱਖਿਆ ਹੇਠ ਹਾਈ ਕੋਰਟ ਦੇ ਲਖਨਊ ਬੈਂਚ ਅੱਗੇ ਹੋਵੇਗਾ ਪੇਸ਼
ਹਾਥਰਸ, 10 ਅਕਤੂਬਰ :ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਮਰਨ ਵਾਲੀ 19 ਸਾਲਾ ਦਲਿਤ ਮੁਟਿਆਰ ਦੇ ਪਰਿਵਾਰਕ ਮੈਂਬਰ ਸੋਮਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਸਾਹਮਣੇ ਪੇਸ਼ ਹੋਣਗੇ। ਹਾਥਰਸ ਦੇ ਐੱਸਪੀ ਸੁਨੀਲ ਵਿਨੀਤ ਜੈਸਵਾਲ ਨੇ ਦੱਸਿਆ ਕਿ ਹਾਥਰਸ ਦੇ ਜ਼ਿਲ੍ਹਾ ਜੱਜ ਨੂੰ ਹਾਈ ਕੋਰਟ ਦੇ ਸਾਹਮਣੇ ਹਾਥਰਸ ਦੇ ਪੀੜਤ ਪਰਿਵਾਰ ਦੇ ਮੈਂਬਰ ਦੀ ਹਾਜ਼ਰੀ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਸਬੰਧ ਵਿਚ ਵਿਆਪਕ ਯੋਜਨਾ ‘ਤੇ ਕੰਮ ਕਰ ਰਹੇ ਹਨ ਕਿ ਪਰਿਵਾਰ ਦੇ ਕਿੰਨੇ ਮੈਂਬਰ ਜਾਣਗੇ ਅਤੇ ਉਹ ਕਦੋਂ ਹਾਥਰਸ ਤੋਂ ਰਵਾਨਾ ਹੋਣਗੇ।