ਸੁਸ਼ਾਂਤ ਦੇ ਪਿਤਾ ਨੇ ਰੀਆ ਨੂੰ ਦੱਸਿਆ ਕਾਤਲ, ਜਾਂਚ ਏਜੰਸੀਆਂ ਤੋਂ ਜਲਦ ਗ੍ਰਿਫਤਾਰੀ ਮੰਗੀ
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਅੱਜ 7ਵਾਂ ਦਿਨ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪਹਿਲਾਂ ਹੀ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਜਾਂਚ ਏਜੰਸੀਆਂ ਦੀ ਕਾਰਵਾਈ ਦੇ ਵਿਚਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਦਾ ਬਿਆਨ ਆਇਆ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਕਾਤਲ ਦੱਸਿਆ ਹੈ।
ਇੱਕ ਬਿਆਨ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ, “ਰੀਆ ਚੱਕਰਵਰਤੀ ਪਿਛਲੇ ਲੰਬੇ ਸਮੇਂ ਤੋਂ ਮੇਰੇ ਬੇਟੇ ਨੂੰ ਜ਼ਹਿਰ ਦੇ ਰਹੀ ਹੈ। ਉਹ ਸੁਸ਼ਾਂਤ ਦੀ ਕਾਤਲ ਹੈ। ਜਾਂਚ ਏਜੰਸੀਆਂ ਨੂੰ ਇਸ ਲਈ ਜਿੰਨੀ ਜਲਦੀ ਹੋ ਸਕੇ ਰੀਆ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।”
ਕੇਂਦਰੀ ਜਾਂਚ ਬਿਊਰੋ ਹੁਣ ਪਿਛਲੇ ਸਾਲ ਤੋਂ ਅਭਿਨੇਤਾ ਦੀ ਮੌਤ ਤੱਕ ਦੀਆਂ ਘਟਨਾਵਾਂ ਬਾਰੇ ਜਾਣਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਇਸ ਹਾਈਪ੍ਰੋਫਾਈਲ ਮਾਮਲੇ ਬਾਰੇ ਮੀਡੀਆ ‘ਚ ਨਵੇਂ ਖੁਲਾਸੇ ਤੇ ਦਾਅਵੇ ਵੀ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਸ ਦੀ ਮੁੱਖ ਦੋਸ਼ੀ ਰੀਆ ਚੱਕਰਵਰਤੀ ਨਸ਼ੇ ਲਈ ਡਰੱਗਸ ਦੀ ਵਰਤੋਂ ਕਰਦੀ ਹੈ। ਰੀਆ ਦੇ ਵਕੀਲ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।