ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ
ਸ੍ਰੀਨਗਰ, 12 ਅਕਤੂਬਰ :ਸ੍ਰੀਨਗਰ ਦੇ ਪੁਰਾਣੇ ਬਾਰਜ਼ੁਲਾ ਖੇਤਰ ਵਿੱਚ ਅੱਜ ਸਵੇਰੇ ਹੋਏ ਇਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਪੁਖਤਾ ਜਾਣਕਾਰੀ ਮਿਲਣ ਮਗਰੋਂ ਅੱਜ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਪੁਰਾਣੇ ਬਾਰਜ਼ੁਲਾ ਖੇਤਰ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਮੋੜਵਾਂ ਜਵਾਬ ਦਿੱਤਾ। ਇਸ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਦੋ ਦਹਿਸ਼ਤਗਰਦ ਮਾਰੇ ਗੲੇ। ਅਧਿਕਾਰੀ ਨੇ ਕਿਹਾ ਕਿ ਆਖਰੀ ਖ਼ਬਰਾਂ ਮਿਲਣ ਤਕ ਅਪਰੇਸ਼ਨ ਜਾਰੀ ਸੀ ਤੇ ਹੋਰ ਤਫ਼ਸੀਲ ਦੀ ਉਡੀਕ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਆਈਜੀਪੀ ਨੇ ਮੁਕਾਬਲੇ ਵਾਲੀ ਥਾਂ ਤੋਂ ਕੁਝ ਦੂਰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪੁਲੀਸ ਵੱਲੋੋਂ ਘੇਰੇ ਗਏ ਦਹਿਸ਼ਤਗਰਦਾਂ ਵਿੱਚ ਪਾਕਿਸਤਾਨੀ ਦਹਿਸ਼ਤਗਰਦ ਤੇ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸੈੱਫੁਲਾ ਵੀ ਸ਼ਾਮਲ ਹੈ, ਜੋ ਕਿ ਸ੍ਰੀਨਗਰ ਤੇ ਨੇੜਲੇ ਇਲਾਕਿਆਂ ’ਚ ਸੁਰੱਖਿਆ ਬਲਾਂ ’ਤੇ ਹੋਏ ਹਾਲੀਆ ਹਮਲਿਆਂ ਵਿੱਚ ਸ਼ੁਮਾਰ ਸੀ।