ਖੰਨਾ ਮੰਡੀ ਦਾ ਹਾਲ: ਝੋਨੇ ਦੀ ਨਾ ਅਦਾਇਗੀ ਤੇ ਨਾ ਹੀ ਲਿਫਟਿੰਗ, ਸਾਰੇ ਦਾਅਵੇ ਖੋਖਲੇ

ਖੰਨਾ, 13 ਅਕਤੂਬਰ

ਖ਼ਰੀਦੇ ਝੋਨੇ ਦੀ ਅਦਾਇਗੀ 48 ਤੋਂ 72 ਘੰਟਿਆਂ ਦੇ ਅੰਦਰ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। 28 ਸਤੰਬਰ ਤੋਂ ਝੋਨੇ ਦੀ ਖ਼ਰੀਦ ਅਰੰਭ ਹੋਈ ਸੀ ਤੇ ਸਿਰਫ਼ ਖੰਨਾ ਮੰਡੀ ਵਿਚ ਬੀਤੀ ਸ਼ਾਮ ਤੱਕ 5,50,261 ਕੁਇੰਟਲ ਝੋਨਾ ਵੱਖ ਵੱਖ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦਿਆ ਜਾ ਚੁੱਕਾ ਹੈ ਪਰ 15 ਦਿਨਾਂ ਤੋਂ ਸਰਕਾਰ ਵੱਲੋਂ ਖ਼ਰੀਦੇ ਝੋਨੇ ਦਾ ਇਕ ਵੀ ਪੈਸਾ ਮੰਡੀ ਵਿਚ ਨਹੀਂ ਭੇਜਿਆ ਗਿਆ। ਸਰਕਾਰ ਵੱਲ ਇਹ ਰਾਸ਼ੀ ਸਾਢੇ 10 ਕਰੋੜ ਰੁਪਏ ਬਣਦੀ ਹੈ। ਅਦਾਇਗੀ ਨਾ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ ਹਨ। ਮੰਡੀ ਵਿਚ ਲਿਫ਼ਟਿੰਗ ਦੀ ਚਾਲ ਵੀ ਬੜੀ ਮੱਧਮ ਹੈ। ਮੰਡੀ ਵਿਚ ਖ਼ਰੀਦਿਆ ਡੇਢ ਲੱਖ ਕੁਇੰਟਲ ਤੋਂ ਵਧੇਰੇ ਝੋਨਾ ਅੱਜ ਵੀ ਪਿਆ ਹੈ, ਜਿਸ ਕਾਰਨ ਮੰਡੀ ਵਿਚ ਹੋਰ ਪੁੱਜ ਰਹੇ ਝੋਨੇ ਨੂੰ ਢੇਰੀ ਕਰਨ ਵਿਚ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਅੱਜ ਵੀ ਮੰਡੀ ਵਿਚ 40 ਹਜ਼ਾਰ ਕੁਇੰਟਲ ਝੋਨਾ ਪਿਆ ਹੈ, ਜਿਸਦੀ ਖ਼ਰੀਦ ਅਜੇ ਹੋਣੀ ਹੈ। 5,50,261 ਝੋਨੇ ਵਿਚੋਂ ਸਭ ਤੋਂ ਵਧੇਰੇ ਖ਼ਰੀਦ ਪਨਗ੍ਰੇਨ ਨੇ ਕੀਤੀ ਹੈ, ਜੋ 2,81,245 ਕੁਇੰਟਲ ਹੈ, ਜਦੋਂ ਕਿ ਮਾਰਕਫ਼ੈਡ ਵੱਲੋਂ 1,03,359 ਕੁਇੰਟਲ, ਪਨਸਪ ਵੱਲੋਂ 1,00,694 ਕੁਇੰਟਲ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 63,963 ਕੁਇੰਟਲ ਦੀ ਖ਼ਰੀਦ ਕੀਤੀ ਗਈ ਹੈ। ਐੱਫਸੀਆਈ ਵੱਲੋਂ ਇਕ ਵੀ ਦਾਣਾ ਨਹੀਂ ਖ਼ਰੀਦਿਆ ਗਿਆ ਤੇ ਨਾ ਹੀ ਪ੍ਰਾਈਵੇਟ ਅਦਾਰਿਆਂ ਵੱਲੋਂ ਕੋਈ ਖ਼ਰੀਦ ਹੋਈ।

Leave a Reply

Your email address will not be published. Required fields are marked *