ਬੱਕਜ਼ ਵੱਲੋਂ ਮੈਚ ਦਾ ਬਾਈਕਾਟ ਕਰਨ ਤੋਂ ਬਾਅਦ ਐਨਬੀਏ ਨੇ ਮੁਲਤਵੀ ਕੀਤੀਆਂ ਆਪਣੀਆਂ ਗੇਮਜ਼

ਟੋਰਾਂਟੋ, 26 ਅਗਸਤ (ਪੋਸਟ ਬਿਊਰੋ) : ਵਿਸਕੌਨਸਿਨ ਵਿੱਚ ਜੇਕਬ ਬਲੇਕ ਨਾਂ ਦੇ ਸਿਆਹ ਨਸਲ ਦੇ ਵਿਅਕਤੀ ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਜਿ਼ੰਦਗੀ ਭਰ ਲਈ ਅਪਾਹਜ ਕੀਤੇ ਜਾਣ ਖਿਲਾਫ ਐਨਬੀਏ ਨੇ ਬੁੱਧਵਾਰ ਦੀਆਂ ਆਪਣੀਆਂ ਗੇਮਜ਼ ਮੁਲਤਵੀ ਕਰ ਦਿੱਤੀਆਂ। ਇਸ ਮੁੱਦੇ ਉੱਤੇ ਓਰਲੈਂਡੋ ਮੈਜਿਕ ਨਾਲ ਹੋਣ ਵਾਲੇ ਆਪਣੇ ਮੈਚ ਦਾ ਬਾਈਕਾਟ ਕਰਨ ਵਾਲੀ ਮਿਲਵਾਕੀ ਬੱਕਜ਼ ਐਨਬੀਏ ਦੀ ਪਹਿਲੀ ਟੀਮ ਬਣ ਗਈ ਹੈ।
ਬੱਕਜ਼ ਦੇ ਖਿਡਾਰੀਆਂ ਨੇ ਮੈਚ ਤੋਂ ਠੀਕ ਪਹਿਲਾਂ ਇਹ ਫੈਸਲਾ ਕੀਤਾ ਤੇ ਇਸ ਗੱਲ ਉੱਤੇ ਸਹਿਮਤੀ ਬਣਾਈ ਕਿ ਉਹ ਲਾਕਰ ਰੂਮ ਨਹੀਂ ਛੱਡਣਗੇ। ਓਰਲੈਂਡੋ ਵਿੱਚ ਟੀਮ ਦੇ ਲਾਕਰ ਰੂਮ ਦੇ ਬਾਹਰ ਕਾਫੀ ਤਣਾਅਭਰਪੂਰ ਮਾਹੌਲ ਬਣਨ ਦੀਆਂ ਰਿਪੋਰਟਾਂ ਵੀ ਆਈਆਂ। ਦੂਜੇ ਪਾਸੇ ਐਨਬੀਏ ਤੇ ਟੀਮ ਅਧਿਕਾਰੀ ਇਸ ਸਾਰੇ ਮਾਮਲੇ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਵਿੱਚ ਸਨ। ਮੈਜਿਕ ਦੀ ਟੀਮ ਸਹੀ ਟਾਈਮ ਉੱਤੇ ਫਲੋਰ ਉੱਤੇ ਵਾਰਮ-ਅੱਪਜ਼ ਲਈ ਪਹੁੰਚੀ ਪਰ ਜਦੋਂ ਬੱਕਜ਼ ਨਹੀਂ ਆਏ ਤਾਂ ਮੈਜਿਕ ਦੀ ਟੀਮ ਵੀ ਉੱਥੋਂ ਚਲੀ ਗਈ।
ਬੱਕਜ਼ ਵੱਲੋਂ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਹੈ ਕਿ ਅਸੀਂ ਆਪਣੇ ਖਿਡਾਰੀਆਂ ਤੇ ਉਨ੍ਹਾਂ ਵੱਲੋਂ ਲਏ ਗਏ ਫੈਸਲੇ ਦੇ ਨਾਲ ਹਾਂ।

ਇਹ ਵੀ ਆਖਿਆ ਗਿਆ ਕਿ ਸਾਡੇ ਸਾਹਮਣੇ ਹੋ ਰਹੇ ਅਨਿਆਂ ਨੂੰ ਰੋਕਣ ਤੇ ਤਬਦੀਲੀ ਲਿਆਉਣ ਦਾ ਇੱਕੋ ਰਾਹ ਇਹ ਹੈ ਕਿ ਉਸ ਅਨਿਆਂ ਉੱਤੇ ਰੋਸ਼ਨੀ ਪਾਈ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਹਿਊਸਟਨ ਰਾਕੇਟਜ਼ ਤੇ ਓਕਲਾਹੋਮਾ ਸਿਟੀ ਥੰਡਰ ਦੇ ਨਾਲ ਨਾਲ ਲਾਸ ਏਂਜਲਸ ਲੇਕਰਜ਼ ਤੇ ਪੋਰਟਲੈਂਡ ਟਰੇਲਬਲੇਜ਼ਰਜ਼ ਨੇ ਵੀ ਆਪਣੀਆਂ ਗੇਮਜ਼ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।

Leave a Reply

Your email address will not be published. Required fields are marked *