ਕਿਸਾਨਾਂ ਦਾ ਮੋਦੀ ਨੂੰ ਜੁਆਬ: ਕਿਸਾਨ ਤਾਂ ਪਹਿਲਾਂ ਹੀ ਉੱਦਮੀ ਸੀ, ਕੇਂਦਰ ਦੀਆਂ ਨੀਤੀਆਂ ਨੇ ਮੰਗਤਾ ਬਣਾ ਦਿੱਤਾ

ਜੰਡਿਆਲਾ ਗੁਰੂ, 14 ਅਕਤੂਬਰ

ਦੇਵੀਦਾਸਪੁਰ ਰੇਲ ਪੱਟੜੀਆਂ ਉਪਰ ਚੱਲ ਰਿਹਾ ਰੇਲ ਰੋਕੋ ਅੰਦੋਲਨ 21ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਜਥੇਬੰਦੀ ਵੱਲੋਂ ਇਹ ਅੰਦੋਲਨ 17 ਅਕਤੂਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਅੰਦੋਲਨ ਨੂੰ 17 ਤਰੀਕ ਤੱਕ ਜਾਰੀ ਰੱਖਿਆ ਜਾਵੇਗਾ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਵਿਚ ਬਿਆਨ ਦਿੱਤਾ ਕਿ ਅਸੀਂ ਕਿਸਾਨ ਨੂੰ ਅੰਨਦਾਤਾ ਤੋਂ ਉੱਦਮੀ ਬਣਾਇਆ ਹੈ ਪਰ ਕਿਸਾਨ ਤਾਂ ਉੱਦਮੀ ਪਹਿਲਾਂ ਹੀ ਸੀ। ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਕਿਸਾਨਾਂ ਨੂੰ ਮੰਗਤਾ ਬਣਾ ਕੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿਸਾਨ ਨੇ ਖੰਡ, ਦੁੱਧ, ਅਨਾਜ ਬਹੁਤ ਪੈਦਾ ਕੀਤਾ ਹੈ ਕਿਉਂਕਿ ਕਿਸਾਨ ਉੱਦਮੀ ਸੀ ਤਾਂ ਇਹ ਸਰਕਾਰ ਦੇ ਗੁਦਾਮ ਅਨਾਜ ਨਾਲ ਭਰ ਦਿੱਤੇ। ਕਿਸਾਨ ਆਗੂਆਂ ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਕਰਦੇ ਹਾਂ ਕਿ ਕਿਸਾਨ ਉਦਮੀ ਹੋਣ ਦੇ ਬਾਵਜੂਦ ਕਰਜ਼ਾਈ ਕਿਉਂ ਹੈ। ਉਨ੍ਹਾਂ ਕਿਹਾ ਦੇਸ਼ ਵਿੱਚ ਹਰ ਰੋਜ਼ 50 ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀ ਕਿਉਂ ਕਰ ਰਹੇ ਹਨ ਕਿਉਂਕਿ ਫ਼ਸਲਾਂ ਦੇ ਭਾਅ ਕਦੇ ਵੀ ਸਹੀ ਨਹੀਂ ਮਿਲੇ। ਇਸ ਮੌਕੇ ਗੁਰਦੀਪ ਸਿੰਘ, ਚਰਨਜੀਤ ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਕੰਵਲਜੀਤ ਸਿੰਘ, ਅਜੀਤ ਸਿੰਘ, ਚਰਨ ਸਿੰਘ, ਮੁਖਬੈਨ ਸਿੰਘ, ਅਮਰਦੀਪ ਸਿੰਘ, ਬਲਦੇਵ ਸਿੰਘ, ਝਿਰਮਲ ਸਿੰਘ, ਟੇਕ ਸਿੰਘ, ਕਾਬਲ ਸਿੰਘ ਨੇ ਸੰਬੋਧਨ ਕੀਤਾ।

Leave a Reply

Your email address will not be published.